ਤਾਲਿਬਾਨ ਦਾ ‘ਸੁਪਰੀਮ ਲੀਡਰ’ ਕੰਧਾਰ ਪੁੱਜਾ, ਸਰਕਾਰ ਗਠਨ ਦੇ ਯਤਨ ਹੋਣਗੇ ਤੇਜ਼

ਨਵੀਂ ਦਿੱਲੀ: ਇਸਲਾਮਿਕ ਅਮੀਰਾਤ ਅਫ਼ਗਾਨਿਸਤਾਨ ਦਾ ‘ਸੁਪਰੀਮ ਲੀਡਰ’ ਮੁੱਲ੍ਹਾ ਹਿਬਾਤੁੱਲ੍ਹਾ ਅਖ਼ੂਨਜ਼ਾਦਾ ਕਿਸੇ ਅਣਪਛਾਤੀ ਥਾਂ ਤੋਂ ਕੰਧਾਰ ਪਹੁੰਚ ਗਿਆ ਹੈ। ਰਿਪੋਰਟਾਂ ਮੁਤਾਬਕ ਉਸ ਨੇ ਕੰਧਾਰ ਸੂਬੇ ਦੇ ਕੁਝ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਜਲਦੀ ਹੀ ਤਾਲਿਬਾਨ ਉਸ ਵੱਲੋਂ ਬਿਆਨ ਜਾਰੀ ਕਰੇਗਾ। ਤਾਲਿਬਾਨ ਦੇ ਇਸ ਚੋਟੀ ਦੇ ਆਗੂ ਦੀ ਦੁਨੀਆ ਨੇ ਇਕ ਹੀ ਫੋਟੋ ਹਾਲੇ ਤੱਕ ਦੇਖੀ ਹੈ। ਉਹ ਜਲਦੀ ਹੀ ਕਾਬੁਲ ਆ ਸਕਦਾ ਹੈ ਤੇ ਹੋਰਨਾਂ ਤਾਲਿਬਾਨ ਆਗੂਆਂ, ਸਿਆਸਤਦਾਨਾਂ ਨਾਲ ਮੀਟਿੰਗ ਕਰ ਸਕਦਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦਾ ਸਹਿ-ਸੰਸਥਾਪਕ ਮੁੱਲ੍ਹਾ ਅਬਦੁਲਗ਼ਨੀ ਬਰਾਦਰ ਵੀ ਕੰਧਾਰ ਪਹੁੰਚ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਆਪਣਾ ਪ੍ਰਸ਼ਾਸਨ ਕੰਧਾਰ ਤੋਂ ਚਲਾਏਗਾ। ਮੁੱਲ੍ਹਾ ਦੇ ਪਹੁੰਚਣ ਤੋਂ ਬਾਅਦ ਸਰਕਾਰ ਗਠਨ ਦੀ ਪ੍ਰਕਿਰਿਆ ਵਿਚ ਤੇਜ਼ੀ ਆਉਣ ਬਾਰੇ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਸੀ ਕਿ ਕੈਬਨਿਟ ਦੋ ਹਫ਼ਤਿਆਂ ਵਿਚ ਗਠਿਤ ਕੀਤੀ ਜਾ ਸਕਦੀ ਹੈ।