ਹਰੀਸ਼ ਰਾਵਤ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ; ਅੱਜ ਮੁੱਖ ਮੰਤਰੀ ਨਾਲ ਕਰ ਸਕਦੇ ਨੇ ਮੀਟਿੰਗ

ਚੰਡੀਗੜ੍ਹ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੇ ਖੇਮੇ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਖੁੱਲ੍ਹੀ ਬਗਾਵਤ ਕੀਤੇ ਜਾਣ ਪਿੱਛੋਂ ਬਣੀ ਤਣਾਅ ਦੇ ਸੁਖਾਵੇਂ ਹੱਲ ਲਈ ਅੱਜ ਵਾਰਤਾ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅੱਜ ਸ਼ਾਮ ਚੰਡੀਗੜ੍ਹ ਪੁੱਜ ਗਏ ਸਨ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਥੀਆਂ ਨਾਲ ਮੁਲਾਕਾਤ ਕਰਕੇ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਠੱਲ੍ਹਣ ਲਈ ਮੁਲਾਕਾਤ ਕੀਤੀ। ਹਰੀਸ਼ ਰਾਵਤ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਮਾਇਤ ਵਾਲੇ ਬਿਆਨ ਕਰਕੇ ਨਵਜੋਤ ਸਿੱਧੂ ਧੜਾ ਕਾਫੀ ਪ੍ਰੇਸ਼ਾਨ ਸੀ ਅਤੇ ਖਾਸ ਕਰਕੇ ਵਿਧਾਇਕ ਪਰਗਟ ਸਿੰਘ ਨੇ ਸਿੱਧੇ ਤੌਰ ’ਤੇ ਹਰੀਸ਼ ਰਾਵਤ ਦੀ ਘੇਰਾਬੰਦੀ ਕੀਤੀ ਸੀ। ਦੂਸਰੇ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਖੇਮੇ ਨੇ ਵੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਰਾਤਰੀ ਦਾਅਵਤ ਮੌਕੇ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ। ਹਾਈ ਕਮਾਨ ਕੋਲੋਂ ਸਮਾਂ ਨਾ ਮਿਲਣ ਕਰਕੇ ਸਿੱਧੂ ਧੜੇ ਦੇ ਵਜ਼ੀਰ ਕਾਫ਼ੀ ਨਾਰਾਜ਼ ਹੋ ਗਏ ਸਨ।
ਕਾਂਗਰਸ ਹਾਈਕਮਾਨ ਤਰਫੋਂ ਹਰੀਸ਼ ਰਾਵਤ ਨੂੰ ਅੱਜ ਮੁੜ ਚੰਡੀਗੜ੍ਹ ਫੇਰੀ ’ਤੇ ਭੇਜਿਆ ਗਿਆ ਹੈ ਤਾਂ ਜੋ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਮੁੜ ਛਿੜਨ ਦੀ ਜ਼ਮੀਨੀ ਹਕੀਕਤ ਜਾਣੀ ਜਾ ਸਕੇ। ਮੁਢਲੇ ਪੜਾਅ ’ਤੇ ਹਰੀਸ਼ ਰਾਵਤ ਨੇ ਹੀ ਅਮਰਿੰਦਰ ਤੇ ਨਵਜੋਤ ਸਿੱਧੂ ਨੂੰ ਇੱਕ ਦੂਜੇ ਦੇ ਨੇੜੇ ਲਾਇਆ ਸੀ। ਅੱਜ ਹਰੀਸ਼ ਰਾਵਤ ਕਰੀਬ ਛੇ ਵਜੇ ਪੰਜਾਬ ਭਵਨ ਵਿਚ ਪੁੱਜੇ ਜਿਥੋਂ ਉਹ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਵਿਧਾਇਕ ਪਰਗਟ ਸਿੰਘ ਨਾਲ ਗੱਡੀ ਵਿਚ ਸਵਾਰ ਹੋ ਕੇ ਸਿੱਧੇ ਕਾਂਗਰਸ ਭਵਨ ਪੁੱਜੇ ਜਿਥੇ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਕੁਲਜੀਤ ਨਾਗਰਾ ਅਤੇ ਵਿਧਾਇਕ ਪਰਗਟ ਸਿੰਘ ਨਾਲ ਲੰਮੀ ਮੀਟਿੰਗ ਕੀਤੀ।
ਪਾਰਟੀ ਦੀ ਰਵਾਇਤ ਦੇ ਹਿਸਾਬ ਨਾਲ ਲਵਾਂਗੇ ਫ਼ੈਸਲਾ: ਰਾਵਤ
ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਨਾਲ ਮੀਟਿੰਗ ਮਗਰੋਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਪਰੰਪਰਾ ਦੇ ਹਿਸਾਬ ਨਾਲ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਹੋਵੇਗਾ ਅਤੇ ਉਹ ਸਭ ਨਾਲ ਵਿਚਾਰ ਚਰਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਨੂੰ ਲੈ ਕੇ ਕਮੇਟੀਆਂ ਦਾ ਗਠਨ ਕੀਤਾ ਜਾਣਾ ਹੈ ਅਤੇ ਜਥੇਬੰਦਕ ਢਾਂਚਾ ਬਣਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਭਨਾਂ ਨਾਲ ਸਿਲਸਿਲੇਵਾਰ ਤਰੀਕੇ ਨਾਲ ਮੀਟਿੰਗਾਂ ਕਰਕੇ ਮੁਸ਼ਕਲਾਂ ਦਾ ਪਤਾ ਲਗਾ ਰਹੇ ਹਨ। ਚੋਣ ਵਾਅਦਿਆਂ ਬਾਰੇ ਰਾਵਤ ਨੇ ਕਿਹਾ ਕਿ ਜੋ ਵਾਅਦੇ ਪੂਰੇ ਕਰਨੋਂ ਰਹਿ ਗਏ ਹਨ, ਉਹ ਪੂਰੇ ਕੀਤੇ ਜਾਣਗੇ।
ਸਿੱਧੂ ਨੇ 18 ਨੁਕਾਤੀ ਏਜੰਡੇ ਬਾਰੇ ਕਰਵਾਇਆ ਰਾਵਤ ਨੂੰ ਜਾਣੂ
ਅੱਜ ਹਰੀਸ਼ ਰਾਵਤ ਦੀ ਮੀਟਿੰਗ ਦੇਰ ਸ਼ਾਮ 8.30 ਵਜੇ ਤੱਕ ਚੱਲੀ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਨੇ 18 ਨੁਕਾਤੀ ਏਜੰਡੇ ਨੂੰ ਲੈ ਕੇ ਉਸ ਦੇ ਅਮਲ ਤੋਂ ਜਾਣੂ ਕਰਾਇਆ ਹੈ। ਕਾਂਗਰਸ ਪ੍ਰਧਾਨ ਨੇ ਆਪਣੇ ਧੜੇ ਦੀ ਅਵਾਜ਼ ਨੂੰ ਹਰੀਸ਼ ਰਾਵਤ ਅੱਗੇ ਰੱਖਿਆ ਜਿਸ ਧੜੇ ਤਰਫੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤਬਦੀਲ ਕੀਤੇ ਜਾਣ ਦੀ ਗੱਲ ਕਹੀ ਗਈ ਸੀ। ਪਤਾ ਲੱਗਾ ਹੈ ਕਿ ਹਰੀਸ਼ ਰਾਵਤ ਨੇ ਭਖੇ ਹੋਏ ਇਸ ਧੜੇ ਨੂੰ ਠਰ੍ਹੰਮੇ ਨਾਲ ਸੁਣ ਕੇ ਠੰਢਾ ਛਿੜਕਣ ਦੀ ਕੋਸ਼ਿਸ਼ ਕੀਤੀ। ਅਗਲੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਹਾਈਕਮਾਨ ਇਸ ਗੱਲੋਂ ਚਿੰਤਤ ਹੈ ਕਿ ਅੰਦਰੂਨੀ ਕਲੇਸ਼ ਕਿਤੇ ਸਿਆਸੀ ਨੁਕਸਾਨ ਦੀ ਵਜ੍ਹਾ ਨਾ ਬਣ ਜਾਵੇ। ਜਾਣਕਾਰੀ ਅਨੁਸਾਰ ਹਰੀਸ਼ ਰਾਵਤ ਭਲਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਕਦੇ ਹਨ। ਸਿੱਧੂ ਧੜੇ ਦੇ ਵਜ਼ੀਰਾਂ ਨੂੰ ਵੀ ਮੁੜ ਮਿਲ ਸਕਦੇ ਹਨ।