ਭਾਰਤ ਵਿੱਚ ਕਰੋਨਾ ਦੇ 27,254 ਨਵੇਂ ਕੇਸ

ਨਵੀਂ ਦਿੱਲੀ: ਭਾਰਤ ਵਿੱਚ ਕੋਵਿਡ-19 ਦੇ 27,254 ਨਵੇਂ ਕੇਸ ਸਾਹਮਣੇ ਆਏ ਹਨ। ਇੰਜ ਦੇਸ਼ ਭਰ ਵਿੱਚ ਕੇਸਾਂ ਦੀ ਕੁੱਲ ਗਿਣਤੀ 3,32,64,175 ਹੋ ਗਈ ਹੈ। ਦੂਜੇ ਪਾਸੇ ਸਰਗਰਮ ਕੇਸ ਘਟ ਕੇ 3,74,269 ਰਹਿ ਗਏ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਸਵੇਰੇ ਅੱਠ ਵਜੇ ਤੱਕ ਅਪਡੇਟ ਕੀਤੇ ਅੰਕੜਿਆਂ ਮੁਤਾਬਕ ਲਾਗ ਕਾਰਨ ਹੋਈਆਂ 219 ਤਾਜ਼ਾ ਮੌਤਾਂ ਨਾਲ ਮੌਤਾਂ ਦਾ ਅੰਕੜਾ 4,42,874 ’ਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਸਰਗਰਮ ਕੋਵਿਡ-19 ਦੇ ਕੇਸਾਂ ਵਿੱਚ 10,652 ਕੇਸਾਂ ਦੀ ਗਿਰਾਵਟ ਦਰਜ ਕੀਤੀ ਗਈ। ਐਤਵਾਰ ਨੂੰ ਦੇਸ਼ ਵਿੱਚ 12,08,247 ਕੋਵਿਡ-19 ਦੇ ਟੈਸਟ ਕੀਤੇ ਗਏ। ਇਸ ਤਰ੍ਹਾਂ ਹੁਣ ਤੱਕ 54,30,14,076 ਟੈਸਟ ਕੀਤੇ ਜਾ ਚੁੱਕੇ ਹਨ।
ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਵੱਲੋਂ ਕੋਵਿਡ-19 ਦੀਆਂ ਵੈਕਸੀਨ ਦੀਆਂ 75 ਕਰੋੜ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ। ਕੋ-ਵਿਨ ਪੋਰਟਲ ’ਤੇ ਉਪਲੱਭਧ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਸ਼ਾਮ ਵਜੇ ਤੱਕ 71 ਲੱਖ ਤੋਂ ਉੱਪਰ ਖੁਰਾਕਾਂ ਵੰਡੀਆਂ ਗਈਆਂ ਹਨ।