ਜਲ੍ਹਿਆਂਵਾਲਾ ਬਾਗ ਦਾ ਮੂਲ ਸਰੂਪ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ

ਅੰਮ੍ਰਿਤਸਰ: ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵਿੱਚ ਨਵੀਨੀਕਰਨ ਤੇ ਸੁੰਦਰੀਕਰਨ ਦੇ ਕੰਮ ਦੌਰਾਨ ਮੂਲ ਸਰੂਪ ਨਾਲ ਕੀਤੀ ਗਈ ਛੇੜਛਾੜ ਦੇ ਰੋਸ ਵਜੋਂ ਅੱਜ ਇੱਥੇ ਜਨਤਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਿਆਸੀ ਜਥੇਬੰਦੀਆਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਸਾਂਝੇ ਰੂਪ ਵਿੱਚ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਪ੍ਰਦਰਸ਼ਨਕਾਰੀਆਂ ਨੇ ਇੱਥੇ ਮੂਲ ਸਰੂਪ ਵਿੱਚ ਕੀਤੇ ਗਏ ਬਦਲਾਅ ਨੂੰ ਰੱਦ ਕਰਦਿਆਂ ਇਸ ਨੂੰ ਪੁਰਾਤਨ ਸਰੂਪ ਦੇਣ ਦੀ ਮੰਗ ਕੀਤੀ।

ਦੇਸ਼ ਭਗਤ ਯਾਦਗਾਰ ਕਮੇਟੀ ਤੇ ਹੋਰ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਹੈਰੀਟੇਜ ਸਟਰੀਟ ਵਿਚ ਜੱਲ੍ਹਿਆਂਵਾਲਾ ਬਾਗ ਤੱਕ ਮਾਰਚ ਕੀਤਾ ਪਰ ਇੱਥੇ ਪੁਲੀਸ ਨੇ ਬੈਰੀਕੇਡ ਲਾ ਕੇ ਇਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਉਹ ਉਥੇ ਹੀ ਧਰਨੇ ’ਤੇ ਬੈਠ ਗਏ।

ਦੱਸਣਯੋਗ ਹੈ ਕਿ ਪੁਲੀਸ ਵੱਲੋਂ ਜੱਲ੍ਹਿਆਂਵਾਲਾ ਬਾਗ ਹੱਦ ਅੰਦਰ ਦਫ਼ਾ 144 ਲਗਾਈ ਹੋਈ ਹੈ । ਇਸ ਤਹਿਤ ਯਾਦਗਾਰ ਕੈਂਪਸ ਦੇ ਅੰਦਰ ਰੋਸ ਰੈਲੀਆਂ, ਧਰਨੇ, ਵਿਖਾਵੇ ਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਰੋਕ ਹੈ। ਸ਼ਹੀਦ ਪਰਿਵਾਰਾਂ ਦੀ ਜਥੇਬੰਦੀ ਫਰੀਡਮ ਫਾਈਟਰਜ਼ ਫਾਊਂਡੇਸ਼ਨ ਦੇ ਆਗੂ ਸੁਨੀਲ ਕੁਮਾਰ ਨੇ ਆਖਿਆ ਕਿ ਪੁਲੀਸ ਪ੍ਰਸ਼ਾਸਨ ਨੇ ਬੈਰੀਕੇਡ ਲਾ ਕੇ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਵੀ ਇੱਥੇ ਜਨਰਲ ਡਾਇਰ ਅਤੇ ਜਨਰਲ ਓਡਵਾਇਰ ਘੁੰਮ ਰਹੇ ਹਨ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਆਸਲ ਨੇ ਆਖਿਆ ਕਿ ਜਦੋਂ ਤੱਕ ਇਹ ਬਦਲਾਅ ਰੱਦ ਨਹੀਂ ਹੁੰਦੇ ਅਤੇ ਪੁਰਾਤਨ ਸਰੂਪ ਬਹਾਲ ਨਹੀਂ ਕੀਤਾ ਜਾਂਦਾ ਇਹ ਅੰਦੋਲਨ ਜਾਰੀ ਰਹੇਗਾ।

Leave a Reply

Your email address will not be published. Required fields are marked *