ਬੇਸਹਾਰਾ ਹੋਏ ਕੈਪਟਨ ਕੋਲ ਹੁਣ ਕੀ ਬਦਲ? ਦਰਸ਼ਨ ਸਿੰਘ ਦਰਸ਼ਕ

ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਿਹੜੀ ਮਹੱਤਵਪੂਰਨ ਗੱਲ ਕਹੀ ਉਹ ਇਹ ਸੀ ਕਿ ਉਨ੍ਹਾਂ ਕੋਲ ਸਿਆਸੀ ਤੌਰ ’ਤੇ ਹੋਰ ਬਦਲ ਮੌਜੂਦ ਹਨ। ਉਨ੍ਹਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਹੁਣ ਜਦੋਂ ਨਵਾਂ ਮੁੱਖ ਮੰਤਰੀ ਚੁਣਿਆ ਜਾਵੇਗਾ ਤਾਂ ਕੀ ਉਹ ਉਸ ਦਾ ਸਮਰਥਨ ਕਰਨਗੇ ਤਾਂ ਉਨ੍ਹਾਂ ਕਿਹਾ ਕਿ ‘ਨਹੀਂ’, ਉਹ ਆਪਣੇ ਉਨ੍ਹਾਂ ਸਾਥੀਆਂ ਨਾਲ ਗੱਲਬਾਤ ਕਰਨਗੇ ਜਿਨ੍ਹਾਂ ਨੇ ਉਨ੍ਹਾਂ ਦਾ 50 ਸਾਲ ਤੱਕ ਸਾਥ ਦਿੱਤਾ ਹੈ। ਜੇਕਰ ਕੈਪਟਨ ਦੇ ਜਵਾਬਾਂ ਦੀ ਪੁਣ-ਛਾਣ ਕਰੀਏ ਤਾਂ ਅਜਿਹਾ ਲੱਗਦਾ ਹੈ ਕਿ ਅੱਜ ਦੇ ਘਟਨਾਕ੍ਰਮ ਅਤੇ ਕਾਂਗਰਸ ਹਾਈ ਕਮਾਨ ਦੇ ਵਤੀਰੇ ਤੋਂ ਸਾਬਕਾ ਮੁੱਖ ਮੰਤਰੀ ਬਹੁਤ ਜ਼ਿਆਦਾ ਆਹਤ ਹੋਏ ਹਨ। ਇਸੇ ਲਈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਜ਼ਲੀਲ ਕੀਤਾ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਲਈ ਇੱਕ ਮਹੀਨੇ ਵਿੱਚ ਤਿੰਨ-ਤਿੰਨ ਵਾਰੀ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ। ਇਸ ਲਈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਈ ਕਮਾਨ ਨੂੰ ਕਹਿ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਆਪਣੀ ਇਸ ‘ਜ਼ਲਾਲਤ’ ਬਾਰੇ ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਕਮਲ ਨਾਥ ਅਤੇ ਮਨੀਸ਼ ਤਿਵਾੜੀ ਨੂੰ ਜਾਣੂ ਕਰਵਾ ਦਿੱਤਾ ਤਾਂ ਜੋ ਹਾਈਕਮਾਨ ਨੂੰ ਕੈਪਟਨ ਦੀਆਂ ਭਾਵਨਾਵਾਂ ਬਾਰੇ ਪਤਾ ਲੱਗ ਸਕੇ। ਲੇਕਿਨ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਸੁਨੇਹੇ ਦੀ ਜ਼ਿਆਦਾ ਪ੍ਰਵਾਹ ਨਹੀਂ ਕੀਤੀ। ਅਸਲ ਵਿੱਚ ਅੱਜ ਦੇ ਇਸ ਘਟਨਾਕ੍ਰਮ ਦੀ ਕਹਾਣੀ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ। ਇਹੀ ਕਾਰਨ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ 40 ਵਿਧਾਇਕਾਂ ਨੇ ਹਾਈਕਮਾਨ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਜਾਵੇ। ਉਹ ਚਿੱਠੀ ਉਤੇ ਤੁਰੰਤ ਕਾਰਵਾਈ ਹੋਈ ਅਤੇ ਕਲ੍ਹ ਅੱਧੀ ਰਾਤ ਵੇਲੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੱਜ ਭਾਵ 18 ਸਤੰਬਰ ਨੂੰ ਸ਼ਾਮ 5 ਵਜੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀਆਂ ਇਨ੍ਹਾਂ ਚਾਲਾਂ ਨੂੰ ਪਹਿਲਾਂ ਤੋਂ ਸਮਝ ਰਹੇ ਸਨ ਅਤੇ ਅੱਜ ਦੇ ਕਦਮ ਨੂੰ ਉਹ ਭਲੀਭਾਂਤ ਜਾਣੂ ਹੋ ਗਏ ਸਨ ਕਿ ਉਨ੍ਹਾਂ ਦਾ ਕੀ ਹਸ਼ਰ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੁਣ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਨ੍ਹਾਂ ਕੋਲ ਬਦਲ ਕੀ ਹੋ ਸਕਦਾ ਹੈ? ਇਥੇ ਇਹ ਗੱਲ ਦੱਸਣਯੋਗ ਹੈ ਕਿ ਜਦੋਂ 2014 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਨ ਤਾਂ ਉਸ ਸਮੇਂ ਕਾਂਗਰਸ ਦੀ ਪ੍ਰਧਾਨਗੀ ਹਾਸਲ ਕਰਨ ਲਈ ਕੈਪਟਨ ਬਾਗੀ ਹੋ ਗਏ ਸਨ ਤਾਂ ਉਨ੍ਹਾਂ ਨੇ ਇਸ ਗੱਲ ਦਾ ਇਸ਼ਾਰਾ ਕੀਤਾ ਸੀ ਕਿ ਜੇਕਰ ਉਨ੍ਹਾਂ ਨੂੰ ਪ੍ਰਧਾਨਗੀ ਨਹੀਂ ਸੌਂਪੀ ਤਾਂ ਉਹ ਆਪਣੀ ਅਲੱਗ ਪਾਰਟੀ ਬਣਾ ਸਕਦੇ ਹਨ। ਇਸ ਦਬਾਅ ਹੇਠ ਉਸ ਸਮੇਂ ਹਾਈ ਕਮਾਨ ਝੁਕ ਗਈ ਸੀ ਤੇ ਉਨ੍ਹਾਂ ਨੂੰ ਪ੍ਰਧਾਨ ਬਣਾ ਦਿੱਤਾ ਸੀ। ਅੱਜ ਹਾਲਾਤ ਬਦਲ ਗਏ ਹਨ, ਹੁਣ ਹਾਈ ਕਮਾਨ ਨੇ ਉਨ੍ਹਾਂ ਨੂੰ ‘ਜ਼ਲੀਲ’ ਕੀਤਾ ਹੈ। ਇਸ ਕਾਰਨ ਜੇਕਰ 2014 ਵਿੱਚ ਕੈਪਟਨ ਬਾਗੀ ਹੋ ਗਏ ਸਨ ਤਾਂ ਅੱਜ ਵੀ ਤਾਂ ‘ਬਾਗੀ’ ਹੋਣ ਦੀ ਜੁਅਰਤ ਰੱਖਦੇ ਹਨ। ਅਜਿਹੇ ਵਿੱਚ ਸਵਾਲ ਇਹ ਵੀ ਹੈ ਕਿ ਉਨ੍ਹਾਂ ਕੋਲ ਹੁਣ ਓਨੀ ਸ਼ਕਤੀ ਹੈ ਕਿ ਉਹ ਕਾਂਗਰਸ ਨੂੰ ਦੋਫਾੜ ਕਰ ਸਕਣ। ਦੱਸਿਆ ਜਾਂਦਾ ਹੈ ਕਿ ਹੁਣ ਜਦੋਂ ਅਸਤੀਫੇ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਮਾਇਤੀਆਂ ਦੀ ਮੀਟਿੰਗ ਸੱਦੀ ਸੀ ਤਾਂ ਉਨ੍ਹਾਂ ਕੋਲ ਗਿਣਤੀ ਦੇ ਵਜ਼ੀਰ ਅਤੇ ਵਿਧਾਇਕ ਹੀ ਪੁੱਜੇ ਸਨ। ਇਸ ਲਈ ਕੈਪਟਨ ਨੂੰ ਅਲੱਗ ਪਾਰਟੀ ਬਣਾਉਣ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇਗਾ ਕਿ ਕਿਧਰੇ ਅਜਿਹਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਖੜ੍ਹਾਉਣ ਲਈ ਉਮੀਦਵਾਰ ਹੀ ਨਾ ਮਿਲਣ। ਉਸ ਤੋਂ ਬਾਅਦ ਦੂਜਾ ਬਦਲ ਇਹ ਲੱਗਦਾ ਹੈ ਕਿ ਕੈਪਟਨ ਆਉਣ ਵਾਲੇ ਸਮੇਂ ਵਿੱਚ ਭਾਜਪਾ ਨਾਲ ਯਾਰੀ ਗੰਢ ਲੈਣ। ਪਰ ਭਾਜਪਾ ਦਾ ਪੰਜਾਬ ਵਿੱਚ ਅੱਜ ਦੀ ਦਿਹਾੜੀ ਵਿੱਚ ਕੋਈ ਆਧਾਰ ਹੀ ਨਜ਼ਰ ਨਹੀਂ ਆ ਰਿਹਾ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਕੇਂਦਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਇਸ ਲਈ ਇਥੇ ਭਾਜਪਾ ਦੇ ਲੀਡਰਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਹੀ ਦੁੱਭਰ ਹੋਇਆ ਪਿਆ ਹੈ, ਸਿਆਸੀ ਸਰਗਰਮੀਆਂ ਕਰਨਾ ਤਾਂ ਦੂਰ ਦੀ ਗੱਲ ਹੈ। ਪਰ ਆਮ ਲੋਕਾਂ ਵਿੱਚ ਚਰਚਾ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੰਗੀ ‘ਤਾਲਮੇਲ’ ਹੈ। ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਪ੍ਰਧਾਨ ਮੰਤਰੀ ਕੈਪਟਨ ਨੂੰ ਆਜ਼ਾਦ ਫੌਜੀ ਮੰਨਦੇ ਹਨ। ਹੁਣ ਭਾਜਪਾ ਵੀ ਅਜਿਹੇ ਲੀਡਰ ਨੂੰ ਲੱਭ ਰਹੀ ਹੈ ਜਿਹੜਾ ਉਸ ਦੇ ਪੈਰ ਪੰਜਾਬ ਵਿੱਚ ਲਵਾ ਸਕੇ। ਬਿਨਾਂ ਸ਼ੱਕ ਕੈਪਟਨ ਅਮਰਿੰਦਰ ਸਿੰਘ ਉਸ ਦੇ ਲਈ ਵੱਡਾ ਖਜ਼ਾਨਾ ਸਾਬਤ ਹੋ ਸਕਦੇ ਹਨ। ਪਰ ਕੈਪਟਨ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਦੋਂ ਪੰਜਾਬ ਦੇ ਲੋਕ ਖੇਤੀ ਕਾਨੂੰਨਾਂ ਦੇ ਖਿਲਾਫ ਹਨ ਤਾਂ ਉਹ ਉਨ੍ਹਾਂ ਨੂੰ ਵੀ ਭਾਜਪਾ ਵਿੱਚ ਬਰਦਾਸ਼ਤ ਨਹੀਂ ਕਰਨਗੇ। ਅਜਿਹੇ ਵਿੱਚ ਕੈਪਟਨ ਭਾਜਪਾ ਵਿੱਚ ਤਾਂ ਹੀ ਸ਼ਾਮਲ ਹੋ ਸਕਦੇ ਹਨ ਜੇਕਰ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ (ਕੈਪਟਨ) ਦੀਆਂ ਸ਼ਰਤਾਂ ਉਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ। ਕੈਪਟਨ ਵੀ ਭਾਜਪਾ ਦੇ ਇਸ ‘ਭਰੋਸੇ’ ਨਾਲ ਹੀ ਉਸ ਵਿੱਚ ਸ਼ਾਮਲ ਹੋ ਸਕਦੇ ਹਨ। ਉਂਝ ਮੋਦੀ ਸਰਕਾਰ ਇਸ ਗੱਲ ਉਤੇ ਅੜੀ ਹੋਈ ਹੈ ਕਿ ਉਹ ਕਾਨੂੰਨ ਰੱਦ ਨਹੀਂ ਕਰ ਸਕਦੀ। ਪਰ ਸਿਆਸਤ ਦਾ ਕੁਝ ਵੀ ਪਤਾ ਨਹੀਂ ਹੁੰਦਾ। ਹੁਣ ਜਦੋਂ ਕੈਪਟਨ ਨੂੰ ਵੀ ਇਸ ਔਖੀ ਸਿਆਸੀ ਘੜੀ ਵਿੱਚ ਅਜਿਹੇ ਵੱਡੇ ‘ਸਹਾਰੇ’ ਦੇ ਲੋੜ ਹੈ ਤਾਂ ਭਾਜਪਾ ਨੂੰ ਕੈਪਟਨ ਦੀਆਂ ਸ਼ਰਤਾਂ ਉਤੇ ਵੱਡਾ ਸਹਾਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕਾਂਗਰਸ ਹਾਈ ਕਮਾਨ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਉਸ ਦਾ ਵਿਰੋਧ ਕਰਨ ਲਈ ਕੈਪਟਨ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬੱਸ ਇਹ ਸੰਭਾਵਨਾ ਹਨ। ਪੱਕਾ ਕੁਝ ਨਹੀਂ ਹੈ। ਜਦੋਂ ਕੋਈ ਬਦਲ ਨਾ ਲੱਭਿਆ ਤਾਂ ਕੈਪਟਨ ਨੂੰ ਸਿਸਵਾਂ ਫਾਰਮ ਵਿੱਚ ਆਰਾਮ ਹੀ ਕਰਨਾ ਪਵੇਗਾ।

Leave a Reply

Your email address will not be published. Required fields are marked *