‘ਕਾਂਗਰਸ ਨੇ ਹੁਣ ਤੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕਿਉਂ ਨਹੀਂ ਕੀਤਾ’

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਹਾਲ ਹੀ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕਰਨ ਲਈ ਕਦਮ ਕਿਉਂ ਨਹੀਂ ਚੁੱਕ ਰਹੀ ਤੇ ਪਾਰਟੀ ਨੇ ਇਨ੍ਹਾਂ ਸਾਜ਼ਿਸ਼ਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਸ ਘਨੌਣੇ ਅਪਰਾਧ ਦੇ ਸਾਜ਼ਿਸ਼ਕਾਰਾਂ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਪਿਛੋਕੜ ਦੀ ਜਾਂਚ ਲਈ ਕੋਈ ਯਤਨ ਨਹੀਂ ਕੀਤਾ ਗਿਆ ਅਤੇ ਇਹ ਵੀ ਨਹੀਂ ਪਤਾ ਲਾਇਆ ਗਿਆ ਕਿ ਕੀ ਉਨ੍ਹਾਂ ਨੂੰ ਸੂਬੇ ਦੇ ਸ਼ਾਂਤੀਪੂਰਨ ਮਾਹੌਲ ਨੂੰ ਖਰਾਬ ਕਰਨ ਵਾਸਤੇ ਇਹ ਘਿਨੌਣੀ ਕਾਰਵਾਈ ਕਰਨ ਵਾਸਤੇ ਉਕਸਾਇਆ ਗਿਆ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੁਲਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਨਫਰਤ ਭਰੀ ਘਟਨਾ ਦੇ ਪੰਜ ਦਿਨ ਬਾਅਦ ਵੀ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨਿਯਮਤ ਤੌਰ ’ਤੇ ਵਾਪਰ ਰਹੀਆਂ ਹਨ ਪਰ ਪੁਲਸ ਨੇ ਹੁਣ ਤੱਕ ਸਾਜ਼ਿਸ਼ ਨੂੰ ਬੇਨਕਾਬ ਨਹੀਂ ਕੀਤਾ।

ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਤੇ ਮੰਦਰਾਂ ਵਿਚ ਬੇਅਦਬੀਆਂ ਨਾਲ ਸ਼ਾਂਤੀ ਤੇ ਫਿਰੂਕ ਸਦਭਾਵਨਾ ਤਬਾਹ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵਾਂਗ ਹੀ ਇਸ ਵਾਰ ਵੀ ਕਾਂਗਰਸ ਸਰਕਾਰ ਇਨ੍ਹਾਂ ਬੇਅਦਬੀ ਦੀਆਂ ਯੋਜਨਾਬੱਧ ਘਟਨਾਵਾਂ ਨੂੰ ਰੋਕਣ ਵਿਚ ਨਾਕਾਮ ਰਹੀ ਹੈ ਤੇ ਇਨ੍ਹਾਂ ਕਾਰਨ ਪੰਜਾਬ ਵਿਚ ਫਿਰਕੂ ਤਣਾਅ ਵਧੇ ਹਨ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੁੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸਾਜ਼ਿਸ਼ ਨੁੰ ਸ਼ੁਰੂ ਵਿਚ ਹੀ ਠੱਲ ਪਾ ਦਿੱਤੀ ਗਈ ਹੁੰਦੀ ਤਾਂ ਫਿਰ ਸੂਬਾ ਕਾਲੇ ਦੌਰ ਵਿਚ ਨਾ ਧੱਕਿਆ ਜਾਂਦਾ।

Leave a Reply

Your email address will not be published. Required fields are marked *