ਇੱਕ-ਦੋ ਨਾਵਾਂ ’ਤੇ ਪੇਚ ਫਸਣ ਮਗਰੋਂ ਚੰਨੀ ਨੂੰ ਦਿੱਲੀ ਸੱਦਿਆ

ਚੰਡੀਗੜ੍ਹ : ਪੰਜਾਬ ਕੈਬਨਿਟ ’ਚ ਵਾਧੇ ਦਾ ਐਲਾਨ ਹੁੁਣ ਸ਼ੁੱਕਰਵਾਰ ਨੂੰ ਹੋਣ ਦੀ ਸੰਭਾਵਨਾ ਬਣ ਗਈ ਹੈ। ਕੈਬਨਿਟ ਵਿੱਚ ਵਿਸਥਾਰ ਲਈ ਤਿਆਰ ਸੂਚੀ ’ਚ ਐਨ ਆਖਰੀ ਮੌਕੇ ਸਿਆਸੀ ਪੇਚ ਫਸਣ ਕਰਕੇ ਪਾਰਟੀ ਹਾਈਕਮਾਨ ਨੂੰ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਫੌਰੀ ਦਿੱਲੀ ਸੱਦਣਾ ਪੈ ਗਿਆ। ਪਹਿਲਾਂ ਕੈਬਨਿਟ ਵਾਧੇ ਦਾ ਐਲਾਨ ਵੀਰਵਾਰ ਨੂੰ ਕਰਨ ਦੀ ਤਿਆਰੀ ਸੀ, ਪਰ ਮੰਤਰੀ ਮੰਡਲ ਦੀ ਨਵੀਂ ਸੂਚੀ ਵਿਚਲੇ ਇੱਕ ਦੋ ਨਾਵਾਂ ਤੋਂ ਬਖੇੜਾ ਖੜ੍ਹਾ ਹੋ ਗਿਆ। ਛਾਂਟੀ ਤੋਂ ਬਚਣ ਲਈ ਦਿੱਲੀ ਡੇਰੇ ਲਾਈ ਬੈਠੇ ਸਾਬਕਾ ਵਜ਼ੀਰਾਂ ਵੱਲੋਂ ਆਪਣੇ ਸਿਆਸੀ ਗੁਰੂਆਂ ਜ਼ਰੀਏ ਦਬਾਓ ਬਣਾਇਆ ਗਿਆ, ਜਿਸ ਕਰਕੇ ਸੂਚੀ ਇੱਕ ਦਿਨ ਲਈ ਲੇਟ ਹੋ ਗਈ| ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਆਗੂ ਏ.ਵੇਣੂਗੋਪਾਲ ਨੂੰ ਰਾਤ ਸਵਾ ਦਸ ਵਜੇ ਦੇ ਕਰੀਬ ਆਪਣੀ ਰਿਹਾਇਸ਼ ’ਤੇ ਮੀਟਿੰਗ ਲਈ ਸੱਿਦਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਵਿਚ ਹਨ, ਜਿਨ੍ਹਾਂ ਦਾ ਅੱਜ ਹਾਈਕਮਾਨ ਨੇ ਨਵੀਂ ਕੈਬਨਿਟ ਬਾਰੇ ਮਸ਼ਵਰਾ ਵੀ ਜਾਣਿਆ ਹੈ। ਵੇਰਵਿਆਂ ਅਨੁਸਾਰ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ, ਹਰੀਸ਼ ਚੌਧਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਦੁਪਹਿਰ ਵੇਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਕੈਬਨਿਟ ਦੇ ਹਰ ਚਿਹਰੇ ਬਾਰੇ ਚਰਚਾ ਕੀਤੀ ਹੈ। ਨਵੇਂ ਸੰਭਾਵੀ ਚਿਹਰਿਆਂ ਅਤੇ ਛਾਂਟੀ ਕੀਤੇ ਜਾਣ ਵਾਲੇ ਚਿਹਰਿਆਂ ਬਾਰੇ ਸਿਆਸੀ ਸਮੀਕਰਨਾਂ ਵਜੋਂ ਮੀਟਿੰਗ ਵਿਚ ਤਬਸਰਾ ਹੋਇਆ।

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਵੀਂ ਕੈਬਨਿਟ ਬਾਰੇ ਆਪਣੀ ਸਲਾਹ ਦੇ ਦਿੱਤੀ ਹੈ ਜਿਸ ਮਗਰੋਂ ਇੱਕ ਦੋ ਨਾਵਾਂ ਬਾਰੇ ਮੁੜ ਵਿਚਾਰ ਕੀਤਾ ਜਾਣਾ ਹੈ। ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਿਨਾਂ ਉਕਤ ਸੀਨੀਅਰ ਆਗੂਆਂ ਨੇ ਇੱਕ ਵੱਖਰੀ ਮੀਟਿੰਗ ਵੀ ਕੀਤੀ ਹੈ। ਅਹਿਮ ਸੂਤਰਾਂ ਅਨੁਸਾਰ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਲੰਘੀ ਰਾਤ ਮੁਲਾਕਾਤ ਕੀਤੀ ਅਤੇ ਨਵੀਂ ਕੈਬਨਿਟ ਬਾਰੇ ਚਰਚਾ ਕੀਤੀ। ਅਸਲ ਵਿਚ ਹਾਈਕਮਾਨ ਹੁਣ ਸੁਨੀਲ ਜਾਖੜ ਦੀ ਨਾਰਾਜ਼ਗੀ ਦੂਰ ਕਰਨ ਵਿਚ ਲੱਗੀ ਹੋਈ ਹੈ। ਸੂਤਰਾਂ ਅਨੁਸਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਰਾਣਾ ਸੋਢੀ ਅਤੇ ਸੁੰਦਰ ਸ਼ਾਮ ਅਰੋੜਾ ’ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਬ੍ਰਹਮ ਮਹਿੰਦਰਾ ਨੂੰ ਸਪੀਕਰ ਬਣਾਏ ਜਾਣ ਦੀ ਸਹਿਮਤੀ ਬਣ ਰਹੀ ਹੈ। ਨਵੇਂ ਚਿਹਰਿਆਂ ਵਿਚ ਵਿਧਾਇਕ ਪਰਗਟ ਸਿੰਘ, ਕੁਲਜੀਤ ਨਾਗਰਾ, ਰਾਜ ਕੁਮਾਰ ਵੇਰਕਾ, ਗੁਰਕੀਰਤ ਕੋਟਲੀ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਅਤੇ ਸੁਰਜੀਤ ਸਿੰਘ ਧੀਮਾਨ ’ਚੋਂ ਇੱਕ ਚਿਹਰਾ ਸ਼ਾਮਲ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਸੰਗਤ ਸਿੰਘ ਗਿਲਜੀਆਂ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਵੀ ਦਿੱਲੀ ਡੇਰੇ ਲਾਏ ਹੋਏ ਹਨ।

ਸ਼ਾਮ ਸਮੇਂ ਦਿੱਲੀ ਲਈ ਰਵਾਨਾ ਹੋਏ ਚੰਨੀ

ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਸ਼ਾਮੀਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਏ ਅਤੇ ਕਰੀਬ ਸੱਤ ਵਜੇ ਪੰਜਾਬ ਭਵਨ ਦਿੱਲੀ ਪੁੱਜ ਗਏ। ਸੂਤਰਾਂ ਅਨੁਸਾਰ ਦਿੱਲੀ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ, ਹਰੀਸ਼ ਰਾਵਤ ਅਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਇੱਕ ਮੀਟਿੰਗ ਕੀਤੀ ਹੈ। ਰਾਤੀਂ ਕਰੀਬ 9.30 ਵਜੇ ਮੁੱਖ ਮੰਤਰੀ ਚੰਨੀ ਨੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨਾਲ ਵੀ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਮਾਲਵੇ ਦਾ ਇੱਕ ਸਾਬਕਾ ਮੰਤਰੀ ਆਖਰੀ ਪੜਾਅ ’ਤੇ ਸਿਆਸੀ ਦਬਾਓ ਮਗਰੋਂ ਆਪਣੀ ਛਾਂਟੀ ਬਚਾਉਣ ਵਿਚ ਸਫਲ ਹੁੰਦਾ ਨਜ਼ਰ ਆ ਰਿਹਾ ਹੈ।

Leave a Reply

Your email address will not be published. Required fields are marked *