ਪੰਜਾਬ ਕੈਬਨਿਟ ਦੇ 15 ਵਿਧਾਿੲਕਾਂ ਨੇ ਸਹੁੰ ਚੁੱਕੀ, 7 ਨਵੇਂ ਵਿਧਾਇਕ ਸ਼ਾਮਲ

ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਨੂੰ ਵੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਪਹਿਲਾਂ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਦੇ ਨਾਂ ਦੀ ਚਰਚਾ ਸੀ

ਚੰਡੀਗੜ੍ਹ : ਇੱਥੇ ਰਾਜ ਭਵਨ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਨੂੰ ਸਹੁੰ ਚੁਕਾਈ। ਅੱਜ 15 ਵਿਧਾਇਕਾਂ ਨੇ ਸਹੁੰ ਚੁੱਕੀ। ਸ੍ਰੀ ਬ੍ਰਹਮ ਮਹਿੰਦਰਾ ਨੇ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਵਜੋਂ ਪੰਜਾਬੀ ਵਿੱਚ ਸਹੁੰ ਚੁੱਕੀ। ਉਨ੍ਹਾਂ ਪਿੱਛੋਂ ਕੈਬਨਿਟ ਮੰਤਰੀ ਵਜੋਂ ਮਨਪ੍ਰੀਤ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ੍ਰੀਮਤੀ ਅਰੁਣਾ ਚੌਧਰੀ, ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਸ੍ਰੀਮਤੀ ਰਜ਼ੀਆ ਸੁਲਤਾਨਾ, ਵਿਜੈਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ, ਕਾਕਾ ਰਣਦੀਪ ਸਿੰਘ ਨਾਭਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜ਼ੀਆਂ, ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਕੀਰਤ ਸਿੰਘ ਕੋਟਲੀ ਨੇ ਸਹੁੰ ਚੁੱਕੀ।
ਇਸ ਸਹੁੰ ਚੁੱਕ ਸਮਾਗਮ ਵਿਚ ਕੁੱਲ ਹਿੰਦ ਕਾਂਗਰਸ ਦੇ ਸੀਨੀਅਰ ਆਗੂਆਂ ਸਮੇਤ ਸੂਬਾ ਕਾਂਗਰਸ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਏ। ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿਚ 7 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਕੈਪਟਨ ਧੜੇ ਦੇ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਮੰਤਰੀ ਮੰਡਲ ਵਿਚ ਜਿਹੜੇ ਪੁਰਾਣੇ ਨਾਮ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿਚ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਵਿਜੇ ਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਦੇ ਨਾਂ ਸ਼ਾਮਲ ਹਨ।
ਸਹੁੰ ਚੁੱਕ ਸਮਾਗਮ ਤੋਂ ਬਾਅਦ ਦੁਆਬਾ ਦੇ 6 ਵਿਧਾਇਕਾਂ ਵਲੋਂ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਨਾ ਬਨਾਉਣ ਲਈ ਕੀਤੇ ਵਿਰੋਧ ਨੂੰ ਪਾਰਟੀ ਨੇ ਦਰਕਿਨਾਰ ਕਰ ਦਿੱਤੀ ਹੈ। ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸਣੇ ਦੁਆਬਾ ਦੇ 6 ਵਿਧਾਇਕਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਰਾਣਾ ਗੁਰਜੀਤ ਸਿੰਘ ਇਕ ‘ਦਾਗੀ’ ਆਗੂ ਹੈ, ਜਿਸ ਕਾਰਨ ਉਨ੍ਹਾਂ ਨੂੰ 2018 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ’ਚੋਂ ਬਾਹਰ ਕਰ ਦਿੱਤਾ ਗਿਆ ਸੀ, ਲਿਹਾਜ਼ਾ ਹੁਣ ਉਨ੍ਹਾਂ ਨੂੰ ਦੁਬਾਰਾ ਕੈਬਨਿਟ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਕੈਬਨਿਟ ਵਿੱਚ ਅੱਜ ਸ਼ਾਮਲ ਕੀਤੇ ਗਏ 7 ਨਵੇਂ ਚਿਹਰਿਆਂ ਵਿੱਚ ਪਹਿਲਾਂ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਨਾਂ ਚਰਚਾ ਵਿੱਚ ਸੀ ਪਰ ਅੱਜ ਸਹੁੰ ਚੁੱਕਣ ਵਾਲਿਆਂ ਵਿੱਚ ਨਾਗਰਾ ਨਹੀਂ ਸਗੋਂ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *