ਕੈਪਟਨ ਦੇ ਹੁਣ ਸੁਰਜੇਵਾਲਾ ਨਾਲ ਫ਼ਸੇ ‘ਪੇਚ’
78 ਵਿਧਾਇਕਾਂ ਨੇ ਲਿਖ ਕੇ ਦਿੱਤਾ ਤਾਂ ਬਦਿਲਆ ਗਿਆ ‘ਕੈਪਟਨ’ : ਸੁਰਜੇਵਾਲਾ

ਨਵੀਂ ਦਿੱਲੀ : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ। ਸੁਰਜੇਵਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕਾਂ ਦੇ ਕਹਿਣ ‘ਤੇ ਬਦਲਿਆ ਗਿਆ ਸੀ। ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਹੈ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਫੈਸਲਾ ਨਹੀਂ ਲਿਆ, ਪੰਜਾਬ ਦੇ 78 ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਬਦਲਣ ਲਈ ਲਿਖਤੀ ਰੂਪ ਵਿੱਚ ਕਿਹਾ ਸੀ। ਸੁਰਜੇਵਾਲਾ ਨੇ ਕਿਹਾ, “ਜੇ ਨਾ ਬਦਲਦੇ, ਤਾਂ ਇਹ ਕਿਹਾ ਜਾਵੇਗਾ ਕਿ ਕਾਂਗਰਸ ਇੱਕ ਤਾਨਾਸ਼ਾਹ ਹੈ, ਜਿਵੇਂ ਕਿ 78 ਵਿਧਾਇਕਾਂ ਅਤੇ ਇੱਕ ਪਾਸੇ ਸਿਰਫ ਮੁੱਖ ਮੰਤਰੀ। ਸੁਰਜੇਵਾਲਾ ਸ਼ਨੀਵਾਰ ਨੂੰ ਕਾਂਗਰਸ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਹ ਜੀ -23 ਅਤੇ ਹਰਿਆਣਾ ਕਾਂਗਰਸ ਵਿੱਚ ਧੜੇਬੰਦੀ ਦੇ ਸਵਾਲਾਂ ਤੋਂ ਬਚਦੇ ਹੋਏ ਚਲੇ ਗਏ।
ਸਾਰੀ (ਕਾਂਗਰਸ) ਪਾਰਟੀ ਹੀ ਸਿੱਧੂ ਦੀ ਕਾਮੇਡੀ ’ਚ ਰੰਗੀ ਗਈ : ਕੈਪਟਨ

ਚੰਡੀਗੜ੍ਹ: ਰਣਦੀਪ ਸੁਰਜੇਵਾਲਾ ਦੇ ਬਿਆਨ ‘ਤੇ ਕੈਪਟਨ ਅਮਰਿੰਦਰ ਿਸੰਘ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸੁਰਜੇਵਾਲਾ ਨੰਗਾ ਚਿੱਟਾ ਝੂਠ ਬੋਲ ਰਹੇ ਹਨ। ਸੁਰਜੇਵਾਲਾ ਵਿਧਾਇਕਾਂ ਦੀ ਗਿਣਤੀ 43 ਦੱਸ ਰਹੇ ਨੇ ਤੇ ਰਾਵਤ 43 ਦੱਸ ਰਹੇ ਸਨ। ਝੂਠ ਬੋਲਣ ਵਿੱਚ ਇਨ੍ਹਾਂ ਦਾ ਆਪਸੀ ਤਾਲਮੇਲ ਵੀ ਨਹੀਂ। ਉਨ੍ਹਾਂ ਦੋਵਾਂ ਆਗੂਆਂ ਦੇ ਅੰਕੜਿਆਂ ਦੇ ਫ਼ਰਕ ਨੂੰ ਗ਼ਲਤੀਆਂ ਦੀ ਕਾਮੇਡੀ ਕਰਾਰ ਦਿੱਤਾ ਤੇ ਕਿਹਾ ਕਿ ਕੱਲ੍ਹ ਨੂੰ ਦਾਅਵਾ ਕਰਨਗੇ ਕਿ 117 ਵਿਧਾਇਕਾਂ ਨੇ ਮੇਰੇ ਵਿਰੁੱਧ ਲਿਖ ਕੇ ਦਿੱਤਾ ਸੀ। ਅਜਿਹਾ ਲਗਦਾ ਹੈ ਕਿ ਸਾਰੀ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਕਾਮਿਕ ਥੀਏਟ੍ਰਿਕਸ ਦੀ ਭਾਵਨਾ ਨਾਲ ਰੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ 13 ਵਿੱਚੋਂ 8 ਸੀਟਾਂ ਉਦੋਂ ਜਿੱਤ ਕੇ ਦਿੱਤੀਆਂ ਜਦੋਂ ਪੂਰੇ ਦੇਸ਼ ਵਿੱਚ ਮੋਦੀ ਲਹਿਰ ਚੱਲ ਰਹੀ ਸੀ। ਅੰਦਰੂਨੀ ਹਫੜਾ-ਦਫੜੀ ਨਾਲ ਜੂਝ ਰਹੀ ਪਾਰਟੀ ਆਪਣੀਆਂ ਨਾਕਾਮੀਆਂ ਦਾ ਦੋਸ਼ ਮੇਰੇ ਸਿਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।