ਤਿੰਨ ਕਿਸਾਨਾਂ ਦਾ ਸਸਕਾਰ, ਗੁਰਵਿੰਦਰ ਦੇ ਮੁੜ ਪੋਸਟ ਮਾਰਟਮ ਦੀ ਮੰਗ, ਪਰਿਵਾਰ ਨੇ ਕਿਹਾ ਗੋਲੀ ਮਾਰ ਕੇ ਕੀਤਾ ਕਤਲ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਮਾਰੇ ਗਏ 4 ਵਿੱਚੋਂ 3 ਕਿਸਾਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਕਿਸਾਨ ਗੁਰਵਿੰਦਰ ਸਿੰਘ ਦਾ ਪੋਸਟਮਾਰਟਮ ਮੁੜ ਹੋਵੇਗਾ। ਕਿਸਾਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਹੋਏ ਪੋਸਟਮਾਰਟਮ ਤੋਂ ਪਰਿਵਾਰ ਤੇ ਕਿਸਾਨ ਸੰਤੁਸ਼ਟ ਨਹੀਂ ਹਨ। ਕਿਸਾਨ ਆਗੂਆਂ ਮੁਤਾਬਕ ਚਸ਼ਮਦੀਦਾਂ ਵੱਲੋਂ ਗੋਲੀ ਮਾਰੇ ਜਾਣ ਦੀ ਪੁਖਤਾ ਜਾਣਕਾਰੀ ਹੈ। ਇਸ ਲਈ ਪਰਿਵਾਰ ਨੇ ਮੰਗ ਕੀਤੀ ਹੈ ਕਿ ਕਿਸੇ ਹੋਰ ਸੂਬੇ ’ਚ ਮੁੜ ਤੋਂ ਪੋਸਟ ਮਾਰਟਮ ਕਰਵਾਇਆ ਜਾਵੇ। ਲਖੀਮਪੁਰ ਖੀਰੀ ਵਿੱਚ ਇੰਟਰਨੈੱਟ ਸੇਵਾਵਾਂ ਹਾਲੇ ਬੰਦ ਹਨ। ਇਸੇ ਦੌਰਾਨ ਲਖੀਮਪੁਰ ਕਾਂਡ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਗੱਡੀ ਸਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਨੂੰ ਕੁਚਲ ਕੇ ਲੰਘ ਜਾਂਦੀ ਹੈ ਪਿੱਛੇ ਹੀ ਇੱਕ ਹੋਰ ਗੱਡੀ ਵੀ ਜਾ ਰਹੀ ਹੈ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਹ ਵੀਡੀਓ ਕਲਿੱਪ ਦਿਖਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਇਸ ਨੂੰ ਦੇਖਣ। ਇਸ ਵਿੱਚ ਤੁਹਾਡੇ ਮੰਤਰੀ ਮੰਡਲ ਦੇ ਮੈਂਬਰ ਦਾ ਪੁੱਤਰ ਆਪਣੇ ਵਾਹਨਾਂ ਨਾਲ ਕਿਸਾਨਾਂ ਨੂੰ ਕੁਚਲ ਰਿਹਾ ਹੈ।