ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਸਿਆਸੀ ਬਵਾਲ !

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਰਾਜਨੀਤਕ ਬਵਾਲ ਖੜ੍ਹਾ ਹੋ ਗਿਆ ਹੈ। ਵੀਰਵਾਰ ਨੂੰ ਨਵਜੋਤ ਸਿੱਧੂ ਵੱਲੋਂ ਲਖੀਮਪੁਰ ਖੀਰੀ ਲਈ ਸ਼ੁਰੂ ਕੀਤੇ ਮਾਰਚ ਸਮੇਂ ਦਿੱਤੀ ਗਈ ‘ਗਾਲ੍ਹ’ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਸ਼ਬਦਾਵਲੀ ਤੋਂ ਸਾਫ਼ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਵਾਉਣ ਦੇ ਬਾਵਜੂਦ ਮੁੱਖ ਮੰਤਰੀ ਦਾ ਅਹੁਦਾ ਨਾ ਮਿਲਣ ਦਾ ਮਲਾਲ ਉਨ੍ਹਾਂ ਨੂੰ ਹੁਣ ਵੀ ਹੈ।
ਇਸ ਕਸਕ ’ਚ ਉਹ ਜ਼ੀਰਕਪੁਰ ਤੋਂ ਸ਼ੁਰੂ ਹੋਏ ਇਸ ਮਾਰਚ ਤੋਂ ਪਹਿਲਾਂ ਕਹਿੰਦੇ ਹਨ ਕਿ ਜੇਕਰ ਭਗਵੰਤ ਸਿੰਘ ਦਾ ਪੁੱਤਰ ਮੁੱਖ ਮੰਤਰੀ ਹੁੰਦਾ ਤਾਂ ਫਿਰ ਵੇਖਦੇ ਕਿ ਸਕਸੈੱਸ ਕੀ ਹੁੰਦੀ ਹੈ। ਸਿੱਧੂ ਦਾ ਇਸ਼ਾਰਾ ਸਾਫ਼ ਸੀ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਲਖੀਮਪੁਰ ਮਾਰਚ ਲਈ ਉਹ ਹੋਰ ਭੀੜ ਇਕੱਠੀ ਕਰ ਲੈਂਦੇ। ਦਰਅਸਲ, ਭਗਵੰਤ ਸਿੰਘ ਨਵਜੋਤ ਸਿੱਧੂ ਦੇ ਪਿਤਾ ਦਾ ਨਾਂ ਹੈ। ਕੈਬਨਿਟ ਮੰਤਰੀ ਅਤੇ ਸਿੱਧੂ ਦੇ ਖਾਸਮਖਾਸ ਪਰਗਟ ਸਿੰਘ ਜਦੋਂ ਉਨ੍ਹਾਂ ਨੂੰ ਭੀੜ ਵੱਲ ਇਸ਼ਾਰਾ ਕਰ ਕੇ ਭੀੜ ਦਿਖਾਉਂਦੇ ਹਨ ਅਤੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵੀ ਪਰਗਟ ਸਿੰਘ ਦੀ ਹਾਂ ਵਿਚ ਹਾਂ ਮਿਲਾ ਕੇ ਇਸ ਨੂੰ ਸਕਸੈੱਸਫੁਲ ਕਰਾਰ ਦਿੰਦੇ ਹਨ, ਤਦ ਸਿੱਧੂ ਦੇ ਮਨ ਦਾ ਗੁਬਾਰ ਇਸ ਤਰ੍ਹਾਂ ਨਾਲ ਬਾਹਰ ਨਿਕਲਿਆ ਸੀ।
2022 ਵਿਚ ਕਾਂਗਰਸ ਨੂੰ ਹੀ ਡੁਬੋ ਦੇਵੇਗਾ ਇਹ : ਸਿੱਧੂ
ਸਿੱਧੂ ਇਥੇ ਨਹੀਂ ਰੁਕੇ, ਉਨ੍ਹਾਂ ਨੇ ਚੰਨੀ ਲਈ ਅਪਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਉਹ 2022 ਵਿਚ ਕਾਂਗਰਸ ਨੂੰ ਹੀ ਡੁਬੋ ਦੇਵੇਗਾ ਮਤਲਬ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜੋ ਹਾਰ ਹੋਵੇਗੀ, ਉਸ ਦਾ ਕਾਰਨ ਚਰਨਜੀਤ ਸਿੰਘ ਚੰਨੀ ਹੋਣਗੇ। ਇਸ ਦੌਰਾਨ ਜਦੋਂ ਪਰਗਟ ਸਿੰਘ ਉਨ੍ਹਾਂ ਨੂੰ ਕਹਿੰਦੇ ਹਨ ਕਿ ਮੁੱਖ ਮੰਤਰੀ ਚੰਨੀ ਦੋ ਮਿੰਟ ਵਿਚ ਪਹੁੰਚ ਰਹੇ ਹਨ ਤਾਂ ਸਿੱਧੂ ਇਸ ’ਤੇ ਵੀ ਇਕਦਮ ਗੁੱਸੇ ਹੋ ਉੱਠਦੇ ਹਨ ਅਤੇ ਆਪਣੇ ਕਾਫ਼ਿਲੇ ਨੂੰ ਰਵਾਨਗੀ ਦਾ ਇਸ਼ਾਰਾ ਕਰ ਦਿੰਦੇ ਹਨ। ਇਸ ’ਤੇ ਚੰਨੀ ਅਤੇ ਮੋਹਾਲੀ ਦੇ ਐੱਸ. ਐੱਸ. ਪੀ. ਜਾਮ ’ਚੋਂ ਨਿਕਲ ਕੇ ਭੱਜਦੇ ਹੋਏ ਸਿੱਧੂ ਤੱਕ ਪਹੁੰਚਦੇ ਹਨ। ਚੰਨੀ ਆਪਣੇ ਬੇਟੇ ਦੇ ਵਿਆਹ ’ਚ ਤਿਆਰੀਆਂ ਵਿਚ ਮਸ਼ਰੂਫ ਹੋਣ ਦੇ ਬਾਵਜੂਦ ਜ਼ੀਰਕਪੁਰ ’ਚ ਸਿੱਧੂ ਦੇ ਇਸ ਮਾਰਚ ਨੂੰ ਰਵਾਨਾ ਕਰਨ ਤਾਂ ਆਏ ਪਰ ਰਾਹ ’ਚ ਭਾਰੀ ਜਾਮ ਕਾਰਨ ਉਹ ਥੋੜ੍ਹਾ ਲੇਟ ਹੋ ਗਏ ਸਨ ਅਤੇ ਮਾਰਚ ਨੂੰ ਰਵਾਨਾ ਕਰਨ ਤੋਂ ਬਾਅਦ ਵਾਪਸ ਪਰਤ ਗਏ। ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਹਾਲਾਂਕਿ ਪੰਜਾਬ ਕਾਂਗਰਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਪੰਜਾਬ ਕੇਸਰੀ ਇਸ ਦੀ ਪੁਸ਼ਟੀ ਕਰਦਾ ਹੈ।