ਲਖੀਮਪੁਰ ਕਾਂਡ ਵਾਲੀ ਜ਼ਮੀਨ ’ਤੇ ਸ਼ਹੀਦਾਂ ਦੀ ਯਾਦ ’ਚ ਸਮਾਰਕ ਬਣਾਵੇਗੀ ਦਿੱਲੀ ਗੁਰਦੁਆਰਾ ਕਮੇਟੀ

ਲਖਨਊ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਕਾਂਡ ਵਿੱਚ ਸ਼ਹੀਦ ਕੀਤੇ ਗਏ 4 ਕਿਸਾਨਾਂ ਤੇ ਪੱਤਰਕਾਰ ਨੂੰ ਤਿਕੁਨੀਆਂ ’ਚ ਹੋਏ ਵਿਸ਼ਾਲ ਅਰਦਾਸ ਸਮਾਗਮ ’ਚ ਸ਼ਰਧਾਂਜਲੀਆਂ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਕਿਸਾਨਾਂ ਨੂੰ ਖਟਾਰ ਅਤੇ ਪੂਰਨਪੁਰ ਦੇ ਵਿਚਾਲੇ ਨਾਕੇ ਲਾ ਕੇ ਰੋਕਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤਿਕੁਨੀਆ ’ਚ ਸ਼ਹੀਦ ਕਿਸਾਨਾਂ ਦੀ ਯਾਦਗਾਰ ਉਸੇ ਘਟਨਾ ਸਥਾਨ ਵਾਲੀ ਜ਼ਮੀਨ ’ਤੇ ਬਣਾਏਗੀ। ਇਹ ਅੈਲਾਨ ਦਿੱਲੀ ਤੋਂ 13 ਮੈਂਬਰੀ ਜੱਥਾ ਲੈ ਕੇ ਪਹੁੰਚੇ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ। ਉਨ੍ਹਾਂਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਹ ਜ਼ਮੀਨ ਖ਼ਰੀਦੇਗੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੋਦੀ ਸਰਕਾਰ ਤੋਂ ਹਟਾਉਣ ਦਾ ਅਲਟੀਮੇਟਮ ਦਿੱਤਾ ਹੈ। ਲਖੀਮਪੁਰ ਵਿੱਚ ਆਯੋਜਿਤ ਅੰਤਿਮ ਅਰਦਾਸ ਵਿੱਚ ਪਹੁੰਚੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਗ੍ਰਹਿ ਰਾਜ ਮੰਤਰੀ ਨੇ ਅਸਤੀਫਾ ਨਾ ਦਿੱਤਾ ਤਾਂ ਇੱਥੋਂ ਹੀ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਖਨਊ ਵਿੱਚ ਇੱਕ ਵੱਡੀ ਪੰਚਾਇਤ ਹੋਵੇਗੀ। ਇਸ ਅਰਦਾਸ ਸਮਾਗਮ ਵਿੱਚ ਆਗੂਆ ਨੇ ਫ਼ੈਸਲੇ ਲਏ ਕਿ 15 ਅਕਤੂਬਰ ਨੂੰ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਜਾਵੇਗਾ, 18 ਅਕਤੂਬਰ ਨੂੰ ਟ੍ਰੇਨਾਂ ਰੋਕੀਆਂ ਜਾਣਗੀਆਂ, ਮ੍ਰਿਤਕ ਕਿਸਾਨਾਂ ਦੀਆਂ ਅਸਥੀਆਂ 24 ਅਕਤੂਬਰ ਨੂੰ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਸਮਾਗਮ ਵਿੱਚ ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਕਰਕੇ ਸ਼ਰਧਾਂਜਲੀ ਵੀ ਦਿੱਤੀ ਅਤੇ ਚਿਤਾਵਨੀ ਦਿੱਤੀ ਕਿ ਇਹ ਸੰਘਰਸ਼ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਜੀ ਨੂੰ ਨਿਆਂ ਮਿਲੇਗਾ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਪ੍ਰਿਯੰਕਾ ਗਾਂਧੀ ਨੂੰ ਸਟੇਜ ’ਤੇ ਚੜ੍ਹਣ ਤੋਂ ਰੋਕ ਦਿੱਤਾ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਡੱਲੇਵਾਲ, ਜੋਗਿੰਦਰ ਉਗਰਾਹਾਂ, ਦਰਸ਼ਨ ਪਾਲ, ਮਨਜੀਤ ਰਾਏ, ਕ੍ਰਿਸ਼ਨ ਪ੍ਰਸਾਦ, ਬਲਦੇਵ ਸਿੰਘ, ਬਲਦੇਵ ਸਿਰਸਾ ਆਦਿ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਦਪਿੰਦਰ ਹੁੱਡਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਆਦਿ ਸਿਆਸੀ ਆਗੂ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਘਟਨਾ ਸਥਾਨ ਤੋਂ ਲਗਭਗ ਇਕ ਕਿਲੋਮੀਟਰ ਦੀ ਦੂਰੀ ’ਤੇ 30 ਏਕੜ ਜ਼ਮੀਨ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਯੂਪੀ ਤੋਂ ਇਲਾਵਾ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਛੱਤੀਸਗੜ੍ਹ ਆਦਿ ਸੂਬਿਆਂ ਤੋਂ ਲਗਭਗ 50 ਹਜ਼ਾਰ ਕਿਸਾਨਾਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਸਰਧਾਂਜ਼ਲੀਆਂ ਦਿੱਤੀਆਂ।