ਸੌਦਾ ਸਾਧ ਨੂੰ ਹੁਣ 18 ਨੂੰ ਸੁਣਾਈ ਜਾਵੇਗੀ ਸਜ਼ਾ

ਪੰਚਕੂਲਾ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੌਦਾ ਸਾਧ ਤੇ 4 ਹੋਰ ਦੋਸ਼ੀਆਂ ਨੂੰ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ’ਚ ਸਜ਼ਾ ਹੁਣ 18 ਅਕਤੂਬਰ ਨੂੰ ਸੁਣਾਈ ਜਾਵੇਗੀ।
ਅਦਾਲਤ ਨੇ ਸ਼ੁੱਕਰਵਾਰ ਇਨ੍ਹਾਂ ਨੂੰ ਪੰਜਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹੋਰ ਦੋਸ਼ੀ ਕ੍ਰਿਸ਼ਨ ਲਾਲ, ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਸਬਦਿਲ ਹਨ। ਸਰਕਾਰੀ ਵਕੀਲ ਐੱਚ.ਪੀ.ਐੱਸ. ਵਰਮਾ ਨੇ ਪੰਚਕੂਲਾ ਦੀ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਸਜ਼ਾ ਉੱਤੇ ਬਹਿਸ ਸੀ.ਬੀ.ਆਈ. ਅਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਪੂਰੀ ਕਰ ਲਈ ਗਈ ਹੈ। ਕੁਝ ਦੋਸ਼ੀਆਂ ਦੇ ਵਕੀਲ ਨੇ ਸਮਾਂ ਮੰਗਦਿਆਂ ਕਿਹਾ ਕਿ ਉਹ ਇਸਤਗਾਸਾ ਪੱਖ ਵੱਲੋਂ ਦੱਸੇ ਗਏ ਕੁਝ ਨੁਕਤਿਆਂ ’ਤੇ ਗੌਰ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਬੇਨਤੀ ’ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ।
ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਅਦਾਲਤ ਵੱਲੋਂ ਮੰਗਲਵਾਰ ਸੰਭਾਵਿਤ ਸਜ਼ਾ ਦੇ ਮੱਦੇਨਜ਼ਰ ਪੁਲਸ ਨੇ ਪੰਚਕੂਲਾ ਅਤੇ ਸਿਰਸਾ, ਜਿੱਥੇ ਡੇਰਾ ਸੌਦਾ ਦਾ ਮੁੱਖ ਦਫਤਰ ਸਥਿਤ ਹੈ, ’ਚ ਸੁਰੱਖਿਆ ਵਧਾ ਦਿੱਤੀ ਹੈ। ਡੇਰਾ ਮੁਖੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਹੋਇਆ ਸੀ ਜਦਕਿ ਬਾਕੀ ਚਾਰ ਦੋਸ਼ੀ ਅਦਾਲਤ ’ਚ ਮੌਜੂਦ ਸਨ।