BSF ਦਾ ਦਾਇਰਾ ਵਧਾਉਣਾ ਕੈਪਟਨ ਦੀ ਸਾਜ਼ਿਸ਼ : ਪਰਗਟ ਨੇ ਮੁੜ ਸਾਧਿਆ ਨਿਸ਼ਾਨਾ

ਜਲੰਧਰ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਸੂਬੇ ‘ਚ ਬਾਰਡਰ ਤੋਂ 50 ਕਿਲੋਮੀਟਰ ਦੇ ਅੰਦਰ ਦੇ ਇਲਾਕੇ ‘ਚ ਬੀ.ਐੱਸ.ਐੱਫ. ਦਾ ਦਾਇਰਾ ਵਧਾਉਣ ਦੇ ਕੇਂਦਰ ਦੇ ਫੈਸਲੇ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਹੱਥੀਂ ਲਿਆ ਅਤੇ ਨਾਲ ਹੀ ਉਨ੍ਹਾਂ ਨੇ ਇਸ ਪੂਰੇ ਮਾਮਲੇ ‘ਚ ਇਸ ਨੂੰ ਕੈਪਟਨ ਦੀ ਸਾਜ਼ਿਸ਼ ਕਰਾਰ ਦਿੱਤਾ। ਇੱਕ ਅਖ਼ਬਾਰ ਨਾਲ ਅੱਜ ਵਿਸ਼ੇਸ਼ ਗੱਲਬਾਤ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਆਏ ਹਨ ਅਤੇ ਉਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਸਮੇਂ-ਸਮੇਂ ‘ਤੇ ਕਿਸੇ ਨਾ ਕਿਸੇ ਨਾਲ ਮਿਲ ਕੇ ਹੀ ਸਰਕਾਰ ਚਲਾਉਂਦੇ ਰਹੇ ਹਨ, ਚਾਹੇ ਉਹ ਕੇਂਦਰ ਹੋਵੇ ਜਾਂ ਬਾਦਲ ਪਰਿਵਾਰ। ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਹੁਕਮ ਲਾਗੂ ਕਰਵਾਉਣਾ ਅਤੇ ਉਸ ਤੋਂ ਬਾਅਦ ਉਸ ਹੁਕਮ ਦੇ ਪੱਖ ‘ਚ ਬਿਆਨ ਜਾਰੀ ਕਰਨਾ ਸਾਫ ਕਰਦਾ ਹੈ ਕਿ ਇਸ ਪੂਰੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੀ ਭੂਮਿਕਾ ਹੈ। ਪਰਗਟ ਸਿੰਘ ਨੇ ਕਿਹਾ ਕਿ ਬੇਸ਼ੱਕ ਬਾਰਡਰ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਪਰ ਸਿਵਲ ਸੋਸਾਇਟੀ ‘ਚ ਆ ਕੇ ਬਾਰਡਰ ਪਾਰ ਤੋਂ ਹੋ ਰਹੀ ਐਕਟੀਵਿਟੀਜ਼ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਜੇਕਰ ਰੋਕਣਾ ਹੈ ਤਾਂ ਬਾਰਡਰ ਤੋਂ ਆ ਰਹੀ ਡਰੱਗਜ਼ ਜਾਂ ਹੋਰ ਹਥਿਆਰਾਂ ਆਦਿ ਨੂੰ ਰੋਕਿਆ ਜਾਵੇ।
ਪਰਗਟ ਸਿੰਘ ਨੇ ਕਿਹਾ ਕਿ 50 ਕਿਲੋਮੀਟਰ ਤੱਕ ਦੇ ਇਲਾਕੇ ‘ਚ ਬੀ.ਐੱਸ.ਐੱਫ. ਦਾ ਵਧਣਾ ਸਾਫ ਕਰਦਾ ਹੈ ਕਿ ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋਵੇਗਾ ਅਤੇ ਇਹ ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਡਰੱਗਜ਼ ਬਾਰਡਰ ਪਾਰ ਤੋਂ ਆ ਰਹੀ ਹੈ ਅਤੇ ਉਹ ਇਹ ਗੱਲ ਸਵੀਕਾਰ ਕਰਦੇ ਹਨ ਪਰ ਜੋ ਡਰੱਗਜ਼ ਦਿੱਲੀ ਜਾਂ ਹੋਰ ਰਸਤੇ ਤੋਂ ਦੇਸ਼ ‘ਚ ਆਉਂਦੀ ਹੈ ਤਾਂ ਉਨ੍ਹਾਂ ਦਾ ਕੀ ਹੋਵੇਗਾ ਅਤੇ ਉਨ੍ਹਾਂ ‘ਤੇ ਰੋਕ ਕਿਵੇਂ ਲੱਗੇਗੀ।