ਸਿੰਘੂ ਬਾਰਡਰ ਦੀ ਘਟਨਾ ਕਾਨੂੰਨ ਦੇ ਰਾਜ ਦੀ ਅਸਫ਼ਲਤਾ ਦਾ ਨਤੀਜਾ: ਜਥੇਦਾਰ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬੀਤੇ ਦਿਨੀਂ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਕਾਨੂੰਨ ਦੇ ਰਾਜ ਦੀ ਅਸਫ਼ਲਤਾ ਦਾ ਨਤੀਜਾ ਹੈ। ਉਨ੍ਹਾਂ ਇਸ ਘਟਨਾ ਦੇ ਸਮੁੱਚੇ ਪਹਿਲੂਆਂ ’ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਦੁਨੀਆਂ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੇ ਪੁਲਿਸ ਨੂੰ ਕਿਹਾ ਹੈ ਕਿ ਸਿੰਘੂ ਬਾਰਡਰ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਅਤੇ ਭਾਵਨਾਤਮਿਕ ਗੰਭੀਰਤਾ ਨੂੰ ਵੇਖਦਿਆਂ ਇਸਨੂੰ ਸਿਰਫ਼ ਅਮਨ ਅਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਿਆ ਜਾਵੇ।
ਉਨ੍ਹਾਂ ਮੀਡੀਆ ਨੂੰ ਵੀ ਸਿੰਘੂ ਬਾਰਡਰ ਦੀ ਘਟਨਾ ਦੇ ਅਧੂਰੇ ਪੱਖ ਦਿਖਾ ਕੇ ਸਿੱਖਾਂ ਦਾ ਅਕਸ ਖਰਾਬ ਕਰਨ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੰਦਿਆਂ ਆਖਿਆ ਕਿ ਮੀਡੀਆ ਦਾ ਕੰਮ ਹਰੇਕ ਪੱਖ ਨੂੰ ਪੇਸ਼ ਕਰਕੇ ਸਿੱਟਾ ਕੱਢਣ ਦਾ ਫੈਂਸਲਾ ਪਾਠਕਾਂ ’ਤੇ ਛੱਡਣਾ ਹੁੰਦਾ ਹੈ ਨਾ ਕਿ ਖੁਦ ਹੀ ਜੱਜ ਬਣ ਕੇ ਫੈਸਲਾ ਸੁਨਾਉਣਾ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ 15 ਅਕਤੂਬਰ ਨੂੰ ਤੜਕੇ ਵਾਪਰੀ ਘਟਨਾ ਦੇ ਪਿਛੋਕੜ ਵਿਚ ਪਿਛਲੇ ਪੰਜ ਛੇ ਸਾਲਾਂ ਦੌਰਾਨ ਪੰਜਾਬ ਵਿਚ 400 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਦੇ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਸਜ਼ਾ ਨਹੀਂ ਦੇ ਸਕਿਆ ਜੋ ਸਿੱਖਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਣ ਦਾ ਕੰਮ ਕਰਦੀ। ਬਲਕਿ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਪੂਰੀ ਸਾਜ਼ਿਸ਼ ਨੂੰ ਨੰਗਾ ਕਰਨ ਤੋਂ ਕਾਨੂੰਨ ਵਿਵਸਥਾ ਅਸਮਰੱਥਾ ਜਤਾਉਂਦੀ ਆ ਰਹੀ ਹੈ, ਜਿਸ ਨਾਲ ਸਿੱਖਾਂ ਦੀ ਕਾਨੂੰਨ ਪ੍ਰਤੀ ਭਰੋਸੇ ਦੀ ਭਾਵਨਾ ਨੂੰ ਭਾਰੀ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ ਬਣਾਏ ਮਨੁੱਖੀ ਹੱਕਾਂ ਦੇ ਆਲਮੀ ਐਲਾਨਨਾਮੇ ਦੀ ਮੁੱਢਲੀ ਭੂਮਿਕਾ ਵਿਚ ਵੀ ਲਿਖਿਆ ਹੈ ਕਿ ਕੋਈ ਵੀ ਮਨੁੱਖ ਹਿੰਸਕ ਰਸਤੇ ’ਤੇ ਉਦੋਂ ਹੀ ਤੁਰਦਾ ਹੈ, ਜੇਕਰ ਕਾਨੂੰਨ ਦਾ ਰਾਜ ਉਸ ਦੇ ਮਨੁੱਖੀ ਹੱਕਾਂ ਨੂੰ ਸੁਰੱਖਿਅਤ ਰੱਖਣ ’ਚ ਅਸਫਲ ਹੋ ਜਾਂਦਾ ਹੈ। ਉਨ੍ਹਾਂ ਹਰਿਆਣਾ ਤੇ ਪੰਜਾਬ ਪੁਲਸ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਿਰਪੱਖਤਾ ਨਾਲ ਇਸ ਘਟਨਾ ਦੀ ਜਾਂਚ ਜ਼ਰੂਰ ਕਰੇ ਪਰ ਕਿਸੇ ਵੀ ਬੇਕਸੂਰ ਸਿੱਖ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਕੀਤਾ ਜਾਵੇ।

Leave a Reply

Your email address will not be published. Required fields are marked *