ਪੰਜਾਬ ਨੂੰ ਪ੍ਰੇਸ਼ਾਨ ਨਾ ਕਰੋ, ਇਸਦੀ ਕੀਮਤ ਦੇਸ਼ ਪਹਿਲਾਂ ਹੀ ਅਦਾ ਕਰ ਚੁੱਕਿਆ ਹੈ: ਪਵਾਰ

ਪੁਣੇ : ਐਨਸੀਪੀ ਮੁਖੀ ਸ਼ਰਦ ਪਵਾਰ ਨੇ ਪੂਣੇ ਵਿੱਚ ਕਿਹਾ ‘ਕੇਂਦਰ ਸਰਕਾਰ ਨੂੰ ਮੇਰੀ ਸਲਾਹ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ, ਇਹ ਇੱਕ ਸਰਹੱਦੀ ਸੂਬਾ ਹੈ। ਜੇ ਅਸੀਂ ਕਿਸਾਨਾਂ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਾਂ, ਤਾਂ ਇਸਦੇ ਵੱਖਰੇ ਨਤੀਜੇ ਹੋਣਗੇ। ਐਨਸੀਪੀ ਮੁਖੀ ਨੇ ਕਿਹਾ, ‘ਸਾਡਾ ਦੇਸ਼ ਪੰਜਾਬ ਨੂੰ ਪਰੇਸ਼ਾਨ ਕਰਨ ਦੀ ਵੱਡੀ ਕੀਮਤ ਅਦਾ ਕਰ ਚੁੱਕਿਆ ਹੈ, ਇੱਥੋਂ ਤੱਕ ਕਿ (ਸਾਬਕਾ ਪ੍ਰਧਾਨ ਮੰਤਰੀ) ਇੰਦਰਾ ਗਾਂਧੀ ਨੂੰ ਵੀ ਆਪਣੀ ਜਾਨ ਗੁਆਉਣੀ ਪਈ।
ਉਨ੍ਹਾਂ ਕਿਹਾ ਕਿ ਪੰਜਾਬ ਸ਼ੇਰ ਵਰਗਾ ਰਾਜ ਹੈ ਅਜਿਹੇ ਰਾਜ ਦੇ ਬਹੁਗਿਣਤੀ ਕਿਸਾਨਾਂ ਨੂੰ ਦੁੱਖੀ ਨਹੀਂ ਹੋਣ ਦੇਣਾ ਚਾਹੀਦਾ। ਨਹੀਂ ਤਾਂ ਇਸਦੇ ਗੰਭੀਰ ਮਾੜੇ ਪ੍ਰਭਾਵ ਹੋ ਸਕਦੇ ਹਨ। ਦੂਜੇ ਪਾਸੇ ਪੰਜਾਬ ਦੇ ਕਿਸਾਨ, ਚਾਹੇ ਉਹ ਸਿੱਖ ਹੋਣ ਜਾਂ ਹਿੰਦੂ, ਉਨ੍ਹਾਂ ਨੇ ਭੋਜਨ ਦੀ ਸਪਲਾਈ ਵਿੱਚ ਹਿੱਸਾ ਪਾਇਆ ਹੈ। ਪਵਾਰ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਆ ਨਾਲ ਜੁੜੇ ਕਈ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਹੀਂ ਹੁੰਦਾ। ਸ੍ਰੀ ਸ਼ਰਦ ਪਵਾਰ ਨੇ ਕਿਹਾ, “ਇਸੇ ਲਈ ਬਲੀਦਾਨ ਦੇਣ ਵਾਲੇ ਲੋਕ ਕੁੱਝ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਰੋਧ ਵਿੱਚ ਬੈਠੇ ਹਨ ਅਤੇ ਦੇਸ਼ ਨੂੰ ਉਨ੍ਹਾਂ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ।”