ਮਰਨ ਤੱਕ ਜੇਲ੍ਹ ’ਚ ਹੀ ਰਹੇਗਾ ਸੌਦਾ ਸਾਧ

ਪੰਚਕੂਲਾ : ਰਣਜੀਤ ਸਿੰਘ ਕਤਲ ਕੇਸ ਵਿੱਚ ਪੰਚਕੂਲਾ ਵਿੱਚ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ 5 ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਾਮ ਰਹੀਮ ਮਰਦੇ ਦਮ ਤੱਕ ਜੇਲ੍ਹ ਵਿੱਚ ਹੀ ਰਹੇਗਾ। ਇਸ ਮਾਮਲੇ ਵਿੱਚ ਰਾਮ ਰਹੀਮ ਤੋਂ ਇਲਾਵਾ ਬਾਕੀ ਚਾਰ ਦੋਸ਼ੀਆਂ ਦੇ ਨਾਂ ਜਸਬੀਰ, ਅਵਤਾਰ, ਕ੍ਰਿਸ਼ਨ ਲਾਲ ਅਤੇ ਸਬਦੀਲ ਹਨ। ਰਾਮ ਰਹੀਮ ਨੂੰ 31 ਲੱਖ ਰੁਪਏ ਤੇ ਬਾਕੀ ਚਾਰ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੋ ਸਾਧਵੀਆਂ ਦੇ ਯੌਨ ਸ਼ੋਸ਼ਣ ਮਾਮਲੇ ਵਿੱਚ ਰਾਮ ਰਹੀਮ ਨੂੰ 10-10 ਸਾਲ ਦੀ ਸਜ਼ਾ ਵੀ ਭੁਗਤ ਰਿਹਾ ਹੈ। ਖ਼ਬਰਾਂ ਮੁਤਾਬਕ ਅੱਜ ਸੁਣਾਈ ਗਈ ਸਜ਼ਾ, ਪਹਿਲਾਂ ਦਿੱਤੀ ਗਈ ਸਜ਼ਾ ਦੇ ਨਾਲ ਹੀ ਚੱਲੇਗੀ। ਪਰ ਕੁੱਝ ਸੀਨੀਅਰ ਵਕੀਲਾਂ ਦਾ ਕਹਿਣਾ ਹੈ ਕੇ ਸਾਰੀਆਂ ਸਜ਼ਾਵਾਂ ਅਲੱਗ-ਅਲੱਗ ਚੱਲਣਗੀਆਂ। ਦੂਜੇ ਪਾਸੇ ਰਣਜੀਤ ਸਿੰਘ ਦੇ ਲੜਕੇ ਜਗਸੀਰ ਨੇ ਅਦਾਲਤ ਦੇ ਫੈਸਲੇ ‘ਤੇ ਤਸੱਲੀ ਪ੍ਰਗਟਾਈ। ਇਸ ਤੋਂ ਪਹਿਲਾਂ ਸਵੇਰੇ, ਦੋਸ਼ੀ ਰਾਮ ਰਹੀਮ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਦੂਜੇ 4 ਦੋਸ਼ੀਆਂ ਨੂੰ ਪੰਚਕੂਲਾ ਅਦਾਲਤ ਵਿੱਚ ਲਿਆਂਦਾ ਗਿਆ। ਦੂਜੇ ਪਾਸੇ, ਸੋਮਵਾਰ ਨੂੰ ਫੈਸਲੇ ਕਾਰਨ ਪੰਚਕੂਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰ ਤੋਂ ਹੀ ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਸੀ। ਪੂਰੇ ਪੰਚਕੂਲਾ ਵਿੱਚ ਆਈਟੀਬੀਪੀ ਦੇ ਜਵਾਨਾਂ ਦੇ ਨਾਲ ਪੁਲਿਸ ਕਰਮਚਾਰੀ ਤਾਇਨਾਤ ਸਨ। ਪੂਰੀ ਤਰ੍ਹਾਂ ਤਲਾਸ਼ੀ ਪਿੱਛੋਂ ਹੀ ਲੋਕਾਂ ਨੂੰ ਸ਼ਹਿਰ ’ਚ ਜਾਣ ਦਿੱਤਾ ਗਿਆ।
ਕੀ ਹੈ ਰਣਜੀਤ ਸਿੰਘ ਕਤਲ ਕੇਸ, ਡੇਰੇ ਨੂੰ ਉਸ ’ਤੇ ਕਿਹੜਾ ਸ਼ੱਕ ਸੀ?

ਚੰਡੀਗੜ੍ਹ : 10 ਜੁਲਾਈ 2002 ਨੂੰ ਡੇਰਾ ਸਿਰਸਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਹੀ ਆਪਣੀ ਭੈਣ ਤੋਂ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਇੱਕ ਗੁਮਨਾਮ ਚਿੱਠੀ ਲਿਖਵਾਈ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ 2003 ਵਿੱਚ ਆਪਣੇ ਪੁੱਤਰ ਦੇ ਕਤਲ ਦੀ ਸੀਬੀਆਈ ਜਾਂਚ ਮੰਗੀ ਸੀ, ਜਿਸਨੂੰ ਹਾਈਕੋਰਟ ਨੇ ਸਵੀਕਾਰ ਕਰ ਲਿਆ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ਡੇਰਾਮੁਖੀ ਰਾਮ ਰਹੀਮ ਸਮੇਤ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ। 2007 ਵਿੱਚ, ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ ਉੱਤੇ ਦੋਸ਼ ਤੈਅ ਕੀਤੇ ਅਤੇ 8 ਅਕਤੂਬਰ 2021 ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ। ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਰਾਮ ਰਹੀਮ ਨੇ ਅਦਾਲਤ ਨੇ ਆਪਣੀ ਬਿਮਾਰੀ ਅਤੇ ਡੇਰੇ ਦੁਆਰਾ ਕਥਿੱਤ ਤੌਰ ’ਤੇ ਚਲਾਏ ਜਾ ਰਹੇ ਸਮਾਜਕ ਕਾਰਜਾਂ ਦਾ ਹਵਾਲਾ ਦੇ ਕੇ ਸਜ਼ਾ ਵਿੱਚ ਰਿਆਇਤ ਮੰਗੀ ਸੀ।
ਕੇਸ ਵਿੱਚ ਇਹ ਸਨ 3 ਮਹੱਤਵਪੂਰਨ ਗਵਾਹ

ਰਣਜੀਤ ਕਤਲ ਕੇਸ ’ਚ 3 ਲੋਕਾਂ ਦੀ ਗਵਾਹੀ ਅਹਿਮ ਸੀ। ਦੋ ਚਸ਼ਮਦੀਦ ਗਵਾਹ ਸੁਖਦੇਵ ਸਿੰਘ ਅਤੇ ਜੋਗਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਰਣਜੀਤ ’ਤੇ ਫਾਇਰਿੰਗ ਕਰਦੇ ਦੇਖਿਆ। ਤੀਜੇ ਗਵਾਹ ਖੱਟਾ ਸਿੰਘ ਅਨੁਸਾਰ ਉਸਦੇ ਸਾਹਮਣੇ ਰਣਜੀਤ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ। ਰਾਮ ਰਹੀਮ ਨੇ ਉਸ ਦੇ ਸਾਹਮਣੇ ਰਣਜੀਤ ਨੂੰ ਮਾਰਨ ਲਈ ਕਿਹਾ।