ਪੰਜਾਬ, ਹਰਿਆਣਾ ’ਚ ਕਿਸਾਨਾਂ ਨੇ ਰੇਲਾਂ ਰੋਕੀਆਂ

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਿਕਸਾਨਾਂ ਦੇ ਕਤਲਾਂ ਦੇ ਸਬੰਧ ਵਿਚ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛੇ ਘੰਟੇ ਦੇ ‘ਰੇਲ ਰੋਕੋ’ ਅੰਦੋਲਨ ਤਹਿਤ ਰੇਲ ਦੀਆਂ ਪਟੜੀਆਂ ’ਤੇ ਬੈਠ ਗਏ। ਜਿਸ ਨਾਲ 60 ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਯਾਤਰੀਆਂ ਨੂੰ ਮੁਸ਼ਕਿਲਾਂ ਪੇਸ਼ ਆਈਆਂ।
ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਪੁਰ ਮੰਡਲ ਦੇ ਚਾਰ ਸੈਕਸ਼ਨ ਰੋਕ ਦਿੱਤੇ ਹਨ। ਫਿਰੋਜ਼ਪੁਰ ਸ਼ਹਿਰ ਵਿਚ ਫਿਰੋਜ਼ਪੁਰਾ-ਫਾਜ਼ਿਲਕਾ ਸੈਕਸ਼ਨ ਅਤੇ ਮੋਗਾ ਦੇ ਅਜੀਤਵਾਲ ਵਿਚ ਫਿਰੋਜ਼ਪੁਰ-ਲੁਧਿਆਣਾ ਸੈਕਸ਼ਨ ਬੰਦ ਪਏ ਹਨ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸ਼ਰਵਣ ਸਿੰਘ ਪੰਧੇਰ ਨੇ ਅੱਜ ਕਿਹਾ ਕਿ ਕੇਐੱਮਐੱਸਸੀ ਸੂਬੇ ਦੇ 11 ਜ਼ਿਲ੍ਹਿਆਂ ਵਿਚ 20 ਥਾਵਾਂ ’ਤੇ ਪ੍ਰਦਰਸ਼ਨ ਕਰੇਗੀ। ਇਸੇ ਤਰ੍ਹਾਂ ਹਰਿਆਣਾ ਦੇ ਸਿਰਸਾ, ਸੋਨੀਪਤ ਤੇ ਹੋਰ ਜ਼ਿਲ੍ਹਿਆਂ ਵਿਚ ਵੀ ਕਿਸਾਨਾਂ ਵੱਲੋਂ ਰੇਲ ਆਵਾਜਾਈ ਠੱਪ ਕੀਤੀ ਗਈ। ਰਾਜਸਥਾਨ ਵਿਚ ਵੀ ਕੁੱਝ ਕੁ ਥਾਵਾਂ ’ਤੇ ਰੋਲ ਰੋਕੋ ਅੰਦੋਲਨ ਦਾ ਅਸਰ ਦੇਖਣ ਨੂੰ ਮਿਲਿਆ।