ਦਰਬਾਰ ਸਾਹਿਬ ਬਾਰੇ ਢੱਡਰੀਆਂ ਵਾਲੇ ਦੀ ਟਿੱਪਣੀ ਦਾ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਡੇਰਾ ਪ੍ਰਮੇਸ਼ਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਅਧਿਆਤਮਿਕਤਾ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਕੀਤੀ ਗਈ ਬੇਤੁਕੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਉਹ ਸਿੱਖ ਕੌਮ ਦੇ ਇਤਿਹਾਸਕ ਅਸਥਾਨਾਂ ਬਾਰੇ ਮੰਦਾ ਬੋਲੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਰਬਸਾਂਝਾ ਅਸਥਾਨ ਹੈ, ਜਿਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਪੁੱਜਦੇ ਹਨ। ਸੰਗਤਾਂ ਵਿਚ ਇਸ ਪਾਵਨ ਅਸਥਾਨ ਪ੍ਰਤੀ ਡਰ ਪੈਦਾ ਕਰਨਾ ਚੰਗੀ ਗੱਲ ਨਹੀਂ। ਬੀਬੀ ਜਗੀਰ ਕੌਰ ਨੇ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਵੀ ਨਿੰਦਾ ਕਰਦਿਆਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਯੂ.ਪੀ. ਦੇ ਲਖੀਮਪੁਰ ਖੀਰੀ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਖੜ੍ਹਨ ਦੀ ਵਚਨਬੱਧਤਾ ਪ੍ਰਗਟਾਈ।
1500 ਕਮਰਿਆਂ ਵਾਲੀ ਆਧੁਨਿਕ ਸਰਾਂ ਬਣੇਗੀ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਕਰੀਬ 1500 ਕਮਰਿਆਂ ਵਾਲੀ ਇਕ ਹੋਰ ਆਧੁਨਿਕ ਸਰਾਂ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸਰਾਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ’ਤੇ ਘਿਓ ਮੰਡੀ ਚੌਂਕ ਦੇ ਨਜ਼ਦੀਕ ਹੰਸਲੀ ਵਾਲੀ ਜਗ੍ਹਾ ’ਤੇ ਉਸਾਰੀ ਜਾਵੇਗੀ। ਿੲਸ ਸਰਾਂ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ, ਜਿਸ ਦਾ ਨਿਰਮਾਣ ਕਾਰਜ 1 ਨਵੰਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਤਿਆਰ ਕੀਤੀ ਜਾਣ ਵਾਲੀ ਇਸ ਪੰਜ ਮੰਜ਼ਿਲਾ ਸਰਾਂ ਦੇ ਧਰਾਤਲ ਹਿੱਸੇ ’ਤੇ ਵਾਹਨ ਪਾਰਕਿੰਗ ਬਣਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਸੰਗਤ ਵੱਲੋਂ ਚੜ੍ਹਾਈਆਂ ਜਾਂਦੀਆਂ ਰਸਦਾਂ ਲਈ ਸਟੋਰ ਵੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਨਜ਼ਦੀਕ ਸ੍ਰੀ ਗੁਰੂ ਰਾਮਦਾਸ ਸਕੂਲ ਦੀ ਪੁਰਾਤਨ ਇਮਾਰਤ ਨੂੰ ਹੂਬਹੂ ਸੰਭਾਲਦਿਆਂ ਉਸ ਦੀ ਮੁਰੰਮਤ ਕਰਵਾਈ ਜਾਵੇਗੀ।