ਪੜ੍ਹੋ ਅਮਰਿੰਦਰ ਦੇ ਬਿਆਨ ਬਾਰੇ ਢੀਂਡਸਾ ਤੇ ਬ੍ਰਹਮਪੁਰਾ ਨੇ ਕੀ ਕਿਹਾ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਦੇ ਐਲਾਨ ਦੌਰਾਨ ਟਕਸਾਲੀ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਚੋਣ ਸਮਝੌਤੇ ਦੇ ਦਿੱਤੇ ਗਏ ਸੰਕੇਤਾਂ ਨੂੰ ਜਿੱਥੇ ਬ੍ਰਹਮਪੁਰਾ ਨੇ ਨਾਕਾਰ ਦਿੱਤਾ ਹੈ ਉੱਥੇ ਹੀ ਢੀਂਡਸਾ ਨੇ ਕੈਪਟਨ ਨਾਲ ਸੰਭਾਵਿਤ ਸਮਝੌਤੇ ਦੀ ਗੱਲ ਨਾਕਾਰਨ ਦੀ ਬਜਾਏ ਕਿਹਾ ਕਿ ਇਸ ਬਾਰੇ ਫ਼ੈਸਲਾ ਪਾਰਟੀ ਕਰੇਗੀ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਕੈਪਟਨ ਨਾਲ ਨਾ ਤਾਂ ਉਨ੍ਹਾਂ ਦੀ ਕਦੇ ਮੁਲਾਕਾਤ ਹੋਈ ਹੈ ਨਾ ਹੀ ਉਨ੍ਹਾਂ ਦੀ ਕਦੇ ਫੋਨ ’ਤੇ ਗੱਲਬਾਤ ਹੋਈ ਹੈ। ਕੈਪਟਨ ਇਕ ਤਰਫ਼ਾ ਗੱਲ ਕਰਦੇ ਹਨ, ਜਿਸ ਦਾ ਸਾਡੇ ਨਾਲ ਕੋਈ ਸਬੰਧ ਨਹੀਂ। ਬ੍ਰਹਮਪੁਰਾ ਨੇ ਕਿਹਾ ਕਿ ਉਹ ਬੀਜੇਪੀ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਨਹੀਂ ਰੱਖਣਗੇ।
ਉਧਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਕਈ ਪਾਰਟੀਆਂ ਬਣਦੀਆਂ ਅਤੇ ਟੁੱਟਦੀਆਂ ਵੀ ਹਨ। ਉਨ੍ਹਾਂ ਕਿਹਾ ਕਿ ਸਮਝੌਤੇ ਦਾ ਫ਼ੈਸਲਾ ਪਾਰਟੀ ਨੇ ਕਰਨਾ ਹੁੰਦਾ ਹੈ, ਕੋਈ ਨਿੱਜੀ ਤੌਰ ’ਤੇ ਫ਼ੈਸਲਾ ਨਹੀਂ ਕਰਦਾ ਹੈ। ਸਾਡਾ ਸਭ ਤੋਂ ਵੱਡਾ ਮੁੱਦਾ ਕਿਸਾਨ ਅੰਦੋਲਨ ਨੂੰ ਲੈ ਕੇ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਲ ਆਉਣ ਦੇ ਸੱਦੇ ’ਤੇ ਬੋਲਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨਾਲ ਮੇਰੀ ਕੋਈ ਵੀ ਆਫੀਸ਼ਅਲ ਤੌਰ ’ਤੇ ਗੱਲਬਾਤ ਨਹੀਂ ਹੋਈ।

Leave a Reply

Your email address will not be published. Required fields are marked *