ਸਿੰਘੂ ਬਾਰਡਰ ’ਤੇ ਝਗੜੇ ਪਿੱਛੋਂ ਨਿਹੰਗ ਸਿੰਘ ਗ੍ਰਿਫ਼ਤਾਰ

ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਹਾਲ ਹੀ ਵਿੱਚ ਨਿਹੰਗ ਸਜੇ ਹਰਿਆਣਾ ਵਾਸੀ ਨਵੀਨ ਸਿੰਘ ਸੰਧੂ ਦੀ ਇੱਕ ਵਿਅਕਤੀ ਨਾਲ ਬੀੜੀ ਦੇ ਧੂੰਏਂ ਨੂੰ ਲੈ ਕੇ ਹੱਥੋਪਾਈ ਹੋ ਗਈ ਜਿਸ ਵਿੱਚ ਉਕਤ ਵਿਅਕਤੀ ਕਥਿੱਤ ਤੌਰ ’ਤੇ ਜ਼ਖਮੀ ਹੋ ਗਿਆ। ਨਿਹੰਗ ਜਥੇਬੰਦੀਆਂ ਨੇ ਨਵੀਨ ਸਿੰਘ ਸੰਧੂ ਦੀ ਕੁੱਟਮਾਰ ਕਰਕੇ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਵੀਨ ਸਿੰਘ ਨੇ ਉਕਤ ਵਿਅਕਤੀ ਨੂੰ ਆਪਣੇ ਕੋਲ ਖੜ੍ਹ ਕੇ ਬੀੜੀ ਪੀਣ ਤੋਂ ਰੋਕਿਆ ਸੀ। ਜਦਕਿ ਦੂਜਾ ਪੱਖ ਦੋਸ਼ ਲਗਾ ਰਿਹਾ ਹੈ ਕਿ ਨਵੀਨ ਨੇ ਕੁੱਟ ਗਏ ਵਿਅਕਤੀ ਤੋਂ ਮੁਰਗੇ ਦੀ ਮੰਗ ਕੀਤੀ ਸੀ। ਇਸ ਮੌਕੇ ਉੱਥੇ ਹਾਜ਼ਰ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ ਵੀ ਨਵੀਨ ਸੰਧੂ ਦਾ ਵਿਰੋਧ ਕੀਤਾ। ਨਵੀਨ ਸੰਧੂ ਹਾਲ ਹੀ ਵਿੱਚ ਚਰਚਾ ਵਿੱਚ ਆਏ ਨਿਹੰਗ ਆਗੂ ਬਾਬਾ ਅਮਨ ਸਿੰਘ ਦੇ ਜਥੇ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਹਾਲਾਂ ਕਿ ਇਸ ਝਗੜੇ ਵਿੱਚ ਵਿਅਕਤੀ ਦੀ ਲੱਤ ਟੁੱਟਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪੱਖ ਨੇ ਲੱਤ ਟੁੱਟਣ ਦੀ ਗੱਲ ਸਿਰੇ ਤੋਂ ਨਾਕਾਰ ਦਿੱਤੀ ਹੈ। ਇਸ ਮੌਕੇ ਨਿਹੰਗ ਆਗੂ ਰਾਜਾ ਰਾਜ ਸਿੰਘ ਨੇ ਐਲਾਨ ਕੀਤਾ ਕਿ ਅੱਜ ਤੋਂ ਉਨ੍ਹਾਂ ਦਾ ਬਾਬਾ ਅਮਨ ਸਿੰਘ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਬੀਜੇਪੀ ਆਗੂਆਂ ਨੂੰ ਮਿਲਣ ਦੀ ਗੱਲ ਅਮਨ ਸਿੰਘ ਨੇ ਛੁਪਾ ਕੇ ਰੱਖੀ ਹੈ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੁਲਿਸ ਅਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਖ਼ਤਾਈ ਨਾਲ ਪੁੱਛਗਿੱਛ ਕਰੇ। ਉਧਰ ਨਵੀਨ ਸਿੰਘ ਦੇ ਪਿੰਡ ਵਾਸੀ ਉਸ ਨਾਲ ਡਟ ਕੇ ਖੜ੍ਹ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਨ ਸਿੰਘ ਖਿਲਾਫ਼ ਕੂੜ-ਪ੍ਰਚਾਰ ਬੰਦ ਹੋਣਾ ਚਾਹੀਦਾ ਹੈ। ਪਤਾ ਲੱਗਾ ਹੈ ਕਿ ਹਰਿਆਣੇ ਦੇ ਕਈ ਕਿਸਾਨ ਆਗੂ ਵੀ ਨਵੀਨ ਸਿੰਘ ਸੰਧੂ ਦੀ ਮੱਦਦ ’ਤੇ ਆ ਗਏ ਹਨ। ਨਵੀਨ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਪਣੀ ਇਮੇਜ਼ ਬਚਾਉਣ ਦੇ ਚੱਕਰ ਵਿੱਚ ਬਿਨਾਂ ਸਚਾਈ ਜਾਣੇ ਨਿਹੰਗ ਆਗੂਆਂ ਨੇ ਕਾਹਲੀ ਵਿੱਚ ਨਵੀਨ ਸੰਧੂ ਦਾ ਪੱਖ ਲੈਣ ਦੀ ਥਾਂ ਉਸਦੀ ਕੁੱਟਮਾਰ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਜਦ ਕਿ ਗੁਰੂ ਦੇ ਸਿੰਘ ਹੋਣ ਦੇ ਇਨ੍ਹਾਂ ਦਾਅਵੇਦਾਰਾਂ ਨੂੰ ਬਿਬੇਕ ਤੋਂ ਕੰਮ ਲੈਣਾ ਚਾਹੀਦਾ ਸੀ।

Leave a Reply

Your email address will not be published. Required fields are marked *