ਪੰਜਾਬ ਨੂੰ ਆਪਣੀ ਰੱਖਿਆ ਲਈ ਕਿਸੇ ਹੋਰ ਤਾਕਤ ਦੀ ਲੋੜ ਨਹੀਂ : ਰੰਧਾਵਾ

ਜਲੰਧਰ : ਅੱਜ ਇੱਥੇ ਪੰਜਾਬ ਆਰਮਡ ਪੁਲਿਸ (ਪੀਏਪੀ) ਦੇ ਹੈਡਕੁਆਰਟਰ ਵਿਖੇ 62ਵਾਂ ਰਾਜ ਪੱਧਰੀ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਇੱਕ ਬੇਮਿਸਾਲ ਫੋਰਸ ਹੈ, ਜਿਸ ਨੇ ‘ਅੱਤਵਾਦ’ ਨਾਲ ਲੜਦੇ ਹੋਏ ਆਪਣੇ 1604 ਅਧਿਕਾਰੀਆਂ ਅਤੇ ਸਿਪਾਹੀਆਂ ਦਾ ਬਲਿਦਾਨ ਦਿੱਤਾ ਗਿਆ। ਪੀ.ਏ.ਪੀ. ਕੈਂਪਸ ਦੇ ਅੰਦਰ ਉਸਾਰੇ ਗਏ ਪੁਲਿਸ ਸ਼ਹੀਦ ਸਮਾਰਕ ਵਿਖੇ ਪਰੇਡ ਦਾ ਆਯੋਜਨ ਕੀਤਾ ਗਿਆ। ਉਪ ਮੁੱਖ ਮੰਤਰੀ ਨੂੰ ਸਲਾਮੀ ਦੇਣ ਤੋਂ ਬਾਅਦ, ਕਮਾਂਡੈਂਟ ਰਾਜਪਾਲ ਸਿੰਘ ਸੰਧੂ ਵੱਲੋਂ ਪੰਜਾਬ ਪੁਲਿਸ ਦੇ ਏ.ਐਸ.ਆਈ. ਭਗਵਾਨ ਸਿੰਘ ਅਤੇ ਏ.ਐਸ.ਆਈ. ਦਲਵਿੰਦਰਜੀਤ ਸਿੰਘ ਸਮੇਤ ਇਸ ਸਾਲ ਦੇ ਸਮੁੱਚੇ 377 ਪੁਲਿਸ ‘ਸ਼ਹੀਦਾਂ’ ਦੇ ਨਾਮ ਪੜ੍ਹੇ ਗਏ।

ਸ: ਰੰਧਾਵਾ ਨੇ ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ ਬੀ.ਐਸ.ਐਫ. ਦੇ ਅਧਿਕਾਰ ਖੇਤਰ ਨੂੰ 50 ਕਿਲੋਮੀਟਰ ਤੱਕ ਵਧਾਉਣ ਦੇ ਫੈਸਲੇ ‘ਤੇ ਕਿਹਾ ਕਿ ਪੰਜਾਬ, ਜੋ ਕਿ ਸਾਰੀਆਂ ਲੜਾਈਆਂ ਦੌਰਾਨ ਹਮੇਸ਼ਾ ਮੋਹਰੀ ਰਿਹਾ ਹੈ, ਨੂੰ ਆਪਣੀ ਸੁਰੱਖਿਆ ਲਈ ਕਿਸੇ ਹੋਰ ਤਾਕਤ ਦੀ ਜ਼ਰੂਰਤ ਨਹੀਂ ਹੈ। ਉਪ ਮੁੱਖ ਮੰਤਰੀ ਨੇ ਕਿਹਾ, “ਸਾਡੀ ਪੁਲਿਸ ਫੋਰਸ ਪੰਜਾਬ ਦੀ ਸੁਰੱਖਿਆ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਸ. ਰੰਧਾਵਾ ਨੇ ਐਲਾਨ ਕੀਤਾ ਕਿ ਜ਼ਿਲ੍ਹਿਆਂ ਵਿੱਚ ਸਥਿਤ ਪੁਲਿਸ ਲਾਈਨਾਂ ਦੀਆਂ ਡਿਸਪੈਂਸਰੀਆਂ ਵਿੱਚ ਲੈਬ ਸਥਾਪਤ ਕੀਤੀਆਂ ਜਾਣਗੀਆਂ ਜਿੱਥੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਟੈਸਟਿੰਗ ਦੀ ਸਹੂਲਤ ਹੋਵੇਗੀ। ਇਨ੍ਹਾਂ ਲੈਬਜ਼ ਉੱਪਰ ਕੁੱਲ ਸਵਾ ਕਰੋੜ ਦੇ ਕਰੀਬ ਲਾਗਤ ਆਵੇਗੀ।

ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸ. ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਨਵੀਆਂ ਭਲਾਈ ਯੋਜਨਾਵਾਂ ਉਲੀਕੀਆਂ ਜਾਣਗੀਆਂ।

Leave a Reply

Your email address will not be published. Required fields are marked *