ਕਾਂਗਰਸੀ ਆਗੂਆਂ ਨੂੰ ਅਰੂਸਾ ਨੇ ਕਿਹਾ ‘ਲੱਕੜਬੱਘੇ’ ਅਦਾਲਤ ’ਚ ‘ਘੜੀਸਣ’ ਦੀ ਵੀ ਧਮਕੀ ਦਿੱਤੀ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਲਗਾਤਾਰ ਨਾਮ ਘੜੀਸੇ ਜਾਣ ’ਤੇ ਅਰੂਸਾ ਆਲਮ ਨੇ ਚੁੱਪ ਤੋੜ ਦਿੱਤੀ ਹੈ। ਉਸ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅਦਾਲਤ ਵਿਚ ਘੜੀਸਣ ਦੀ ਵੀ ਧਮਕੀ ਦਿੱਤੀ ਹੈ। ਅਰੂਸਾ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਲੱਕੜਬੱਘੇ ਆਖਦਿਆਂ ਕਿਹਾ ਕਿ ਜਿਹੜੇ ਮੰਤਰੀ ਤੇ ਵਿਧਾਇਕ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਹੇਠਾਂ ਹੁੰਦੇ ਸਨ ਅੱਜ ਉਹ ਉਨ੍ਹਾਂ ਨੂੰ ਨੋਚਣ ਦੀਆਂ ਗੱਲਾਂ ਕਰ ਰਹੇ ਹਨ। ਇਹ ਇਸੇ ਤਰ੍ਹਾਂ ਹੈ ਜਦੋਂ ਕੋਈ ਸ਼ਿਕਾਰੀ ਖੁਦ ਸ਼ਿਕਾਰ ਹੁੰਦਾ ਹੈ ਤਾਂ ਲੱਕੜਬੱਘੇ ਉਸ ’ਤੇ ਟੁੱਟ ਕੇ ਪੈ ਜਾਂਦੇ ਹਨ ਅਤੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੰਦੇ ਹਨ। ਮੈਂ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ ਕਿ ਇਹ ਇੰਨੇ ਡਿੱਗ ਜਾਣਗੇ। ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਬਿਆਨਾਂ ’ਤੇ ਤਲਖ ਟਿੱਪਣੀ ਕਰਦਿਆਂ ਅਰੂਸਾ ਆਲਮ ਨੇ ਕਿਹਾ ਕਿ ਇਹ ਲੱਕੜਬੱਗੇ ਹਨ ਅਤੇ ਮੇਰਾ ਆਈਐੱਸਆਈ ਨਾਲ ਕੋਈ ਸਬੰਧ ਨਹੀਂ ਹੈ। ਅਰੂਸਾ ਨੇ ਕਿਹਾ ਕਿ ਇਸ ਸਭ ਤੋਂ ਮੈਨੂੰ ਬਹੁਤ ਪ੍ਰੇਸ਼ਾਨੀ ਹੋਈ ਹੈ, ਹੁਣ ਮੁੜ ਕਦੇ ਵੀ ਭਾਰਤ ਨਹੀਂ ਆਵਾਂਗੀ।