ਮੁੰਡੇ ਚੜ੍ਹਦੀ ਜਵਾਨੀ ’ਚ ਜਿਹੜੇ ਕੰਮ ਕਰਦੇ ਨੇ, ਉਹ ਕੈਪਟਨ ਨੇ ਲਹਿੰਦੀ ਉਮਰੇ ਕੀਤੇ

ਜਲੰਧਰ : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਅਰੂਸਾ ਆਲਮ ਦੀ ਦੋਸਤੀ ਖ਼ਾਤਰ ਕੈਪਟਨ ਨੇ ਪੂਰੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ। ਇੱਕ ਵੈੱਬ ਚੈਨਲ ਨਾਲ ਗੱਲਬਾਤ ਦੋਰਾ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਿਸਵਾਂ ਫਾਰਮ ‘ਚ ਅਰੂਸਾ ਸਰਕਾਰ ਚਲਾਉਂਦੀ ਸੀ ਅਤੇ ਉਥੇ ਹੀ ਨੋਟਾਂ ਦੇ ਢੇਰ ਲੱਗਦੇ ਸਨ। ਉਨ੍ਹਾਂ ਕੈਪਟਨ ਅਤੇ ਅਰੂਸਾ ਦੀ ਦੋਸਤੀ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਸਾਰੀਆਂ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਇਸ਼ਕ ਕਮਾਵੇ ਤਾਂ ਫਿਰ ਪੰਜਾਬ ਦੇ ਪੱਲੇ ਕੀ ਰਹਿ ਗਿਆ। ਉਨ੍ਹਾਂ ਕਿਹਾ ਕਿ ਉਸ ਵੇਲੇ ਮੇਰੇ ਿਬਨਾਂ ਕਿਸੇ ਹੋਰ ਨੇ ਆਵਾਜ਼ ਨਹੀਂ ਚੁੱਕੀ।

ਦੱਸਿਆ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਸੀ ਕੈਪਟਨ-ਅਰੂਸਾ ਦਾ ਤਮਾਸ਼ਾ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦਾ ਇਹ ਤਮਾਸ਼ਾ ਸਾਲ 2006 ‘ਚ ਜਲੰਧਰ ਸ਼ਹਿਰ ਤੋਂ ਸ਼ੁਰੂ ਹੋਇਆ ਸੀ। ਬੀਰ ਦਵਿੰਦਰ ਨੇ ਦੱਸਿਆ ਕਿ ਉਸ ਵੇਲੇ ਅਰੂਸਾ ਆਲਮ ‘ਸਾਫ਼ਮਾਂ’ ਦੇ ਪਾਕਿਸਤਾਨ ਚੈਪਟਰ ਦੀ ਕਨਵੀਨਰ ਸੀ ਅਤੇ ਸਾਫ਼ਮਾਂ ਦੀ ਮੀਟਿੰਗ ਜਲੰਧਰ ਹੋਈ ਸੀ, ਜਿਸ ‘ਚ ਅਰੂਸਾ ਆਲਮ ਹਿੱਸਾ ਲੈਣ ਆਈ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰੂਸਾ ਆਲਮ ਨਾਲ ਮੁਲਾਕਾਤ ਹੋਈ ਸੀ ਅਤੇ ਦੋਹਾਂ ਦੀ ਗਿੱਠ-ਮਿੱਠ ਹੋ ਗਈ। ਬੀਰ ਦਵਿੰਦਰ ਨੇ ਕਿਹਾ ਕਿ ਉਸ ਤੋਂ ਬਾਅਦ ਨਾ ਅਰੂਸਾ ਆਲਮ ਆਪਣੇ ਟੱਬਰ ਨੂੰ ਲੱਭੀ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲੱਭੇ। ਉਨ੍ਹਾਂ ਦੱਸਿਆ ਕਿ ਜਿਹੜਾ ਹੈਲੀਕਾਪਟਰ ਸਰਕਾਰ ਨੇ ਹਾਇਰ ਕੀਤਾ ਸੀ, ਉਸ ਨੂੰ ਕੈਪਟਨ ਨੇ ਗਡੀਰਾ ਬਣਾ ਲਿਆ ਸੀ।
ਬੀਰ ਦਵਿੰਦਰ ਨੇ ਕਿਹਾ ਕਿ ਕੈਪਟਨ ਨੇ ਅਰੂਸਾ ਨੂੰ ਅਜਿਹਾ ਵੀਜ਼ਾ ਲੈ ਕੇ ਦਿੱਤਾ ਹੋਇਆ ਸੀ ਕਿ ਭਾਵੇਂ ਅਰੂਸਾ ਦਿਨ ‘ਚ ਚਾਰ ਵਾਰੀ ਭਾਰਤ ਆ ਜਾਂਦੀ, ਉਸ ਨੂੰ ਸਪੈਸ਼ਲ ਪਰਮਿਸ਼ਨ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਰੂਸਾ ਲਾਹੌਰ ਤੋਂ ਗੱਡੀ ਚੁੱਕ ਕੇ ਵਾਹਗਾ ਬਾਰਡਰ ਪੁੱਜ ਜਾਂਦੀ ਸੀ ਤੇ ਕੈਪਟਨ ਇਧਰੋਂ ਹੈਲੀਕਾਪਟਰ ਚੁੱਕ ਕੇ ਵਾਹਗਾ ਪਹੁੰਚ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਆਪਣੀ ਸਕਿਓਰਿਟੀ ਉੱਥੇ ਹੀ ਛੱਡ ਕੇ ਅਰੂਸਾ ਨਾਲ ਘੁੰਮਣ ਲਈ ਕਦੇ ਜੈਪੂਰ ਅਤੇ ਕਦੇ ਕਿਸੇ ਜਗ੍ਹਾ ‘ਤੇ ਚਲੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਾਲਜਾਂ ਦੇ ਮੁੰਡੇ ਚੜ੍ਹਦੀ ਜਵਾਨੀ ‘ਚ ਜਿਹੜਾ ਕੰਮ ਕਰਦੇ ਹਨ, ਉਹ ਕੈਪਟਨ ਨੇ ਲਹਿੰਦੀ ਉਮਰੇ ਕੀਤਾ, ਜਿਸ ਦਾ ਸੰਤਾਪ ਪੰਜਾਬ ਨੂੰ ਭੋਗਣਾ ਪਿਆ। ਇਸੇ ਕਾਰਨ ਹੀ ਕਾਂਗਰਸ ਸਾਲ 2007 ‘ਚ ਹਾਰ ਗਈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਇਸ ਦੇ ਖ਼ਿਲਾਫ਼ ਆਪਣੀ ਆਵਾਜ਼ ਚੁੱਕੀ ਤਾਂ ਉਨ੍ਹਾਂ ਦੀ ਟਿਕਟ ਕਟਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 10 ਸਾਲ ਬਾਦਲਾਂ ਦੀ ਸਰਕਾਰ ਰਹੀ।
ਬੀਰ ਦਵਿੰਦਰ ਨੇ ਪੰਜਾਬ ਦੇ ਹਾਲਾਤ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ 10-15 ਸਾਲਾਂ ਦੌਰਾਨ ਪੰਜਾਬ ਦੀ ਸਿਆਸਤ ਅਜਿਹੇ ਬੇਹੱਦ ਘੱਟ ਲੋਕ ਆਏ, ਜਿਨ੍ਹਾਂ ਦੇ ਅਕਸ ‘ਤੇ ਲੋਕ ਯਕੀਨ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਿਆਸਤ ਅਜਿਹੇ ਪੱਤਣਾਂ ਵੱਲ ਤੁਰ ਪਈ, ਜਿਸ ਦਾ ਜ਼ਿਕਰ ਕਰਨ ਨਾਲ ਵੀ ਮਨ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਹਰ ਪਾਸੇ ਉਦਾਸੀ ਵਾਲਾ ਮੰਜ਼ਰ ਛਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਲੀਡਰਾਂ ਦੀ ਸ਼ਖ਼ਸੀਅਤ ‘ਚ ਇਕ ਖਿੱਚ ਸੀ, ਜੋ ਕਿ ਲੋਕਾਂ ਨੂੰ ਉਤਸ਼ਾਹਿਤ ਕਰਦੀ ਸੀ।

ਉਨ੍ਹਾਂ ਕਿਹਾ ਕਿ ਹੁਣ ਦੀ ਲੀਡਰਸ਼ਿਪ ‘ਚ ਅਜਿਹਾ ਕੁੱਝ ਨਹੀਂ ਦਿਖ ਰਿਹਾ ਅਤੇ ਸਿਆਸਤ ਸਿਰਫ ਚਲਾਕੀਆਂ ‘ਤੇ ਨਿਰਭਰ ਰਹਿ ਗਈ ਹੈ।

Leave a Reply

Your email address will not be published. Required fields are marked *