ਪੰਜਾਬ ਪਹੁੰਚੇ ਕੇਜਰੀਵਾਲ ਨੇ ਕੀਤੇ ਵੱਡੇ ਵਾਅਦੇ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਆਪਣਾ ‘ਡੁਪਲੀਕੇਟ’

ਜੇ ਸਾਡੀ ਸਰਕਾਰ ਆਈ ਤਾਂ ਕਿਸਾਨ ਖ਼ੁਦਕੁਸ਼ੀਆਂ ਨਹੀਂ ਕਰਨਗੇ, ਪੰਜਾਬ ਦੇ ਪਿੰਡਾਂ ’ਚ ਡੀਏਪੀ ਖ਼ਾਦ ਦੀਆਂ ਫ਼ੈਕਟਰੀਆਂ ਲਾਵਾਂਗੇ
ਲੁਧਿਆਣਾ : ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਹਮਲਾ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਨੂੰ ਆਪਣਾ ਡੁਪਲੀਕੇਟ ਕਿਹਾ ਹੈ। ਮਾਨਸਾ ‘ਚ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਲੋਕ ਮੈਨੂੰ ਕਹਿੰਦੇ ਹਨ ਕਿ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਦੀ ਨਕਲ ਕਰ ਰਹੇ ਹਨ। ਮੈਂ ਚਰਨਜੀਤ ਸਿੰਘ ਚੰਨੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਨਕਲ ਕਰਨੀ ਸੌਖੀ ਹੈ ਪਰ ਇਸ ਨੂੰ ਨਿਭਾਉਣਾ ਬਹੁਤ ਔਖਾ ਹੈ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਪਿੰਡ ਵਿੱਚ ਜਾ ਕੇ ਹਰਪ੍ਰੀਤ ਸਿੰਘ ਨਾਂ ਦੇ ਕਿਸਾਨ ਨੂੰ ਜੱਫੀ ਪਾ ਕੇ ਕਿਹਾ ਕਿ ਗੁਲਾਬੀ ਸੁੰਡੀ ਦੇ ਨੁਕਸਾਨ ਦਾ ਹਰ ਇੱਕ ਨੂੰ ਮੁਆਵਜ਼ਾ ਮਿਲੇਗਾ ਪਰ ਹੁਣ ਤੱਕ ਹਰਪ੍ਰੀਤ ਸਿੰਘ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ, ਜਦੋਂ ਕਿ ਬੱਸਾਂ ਅਤੇ ਹੋਰਡਿੰਗਾਂ ‘ਤੇ ਉਸ ਦੀ ਫੋਟੋ ਲਗਾ ਦਿੱਤੀ ਗਈ। ਇਸ ਲਈ ਚਰਨਜੀਤ ਸਿੰਘ ਚੰਨੀ ਨੂੰ ਡਰਾਮੇ ਬੰਦ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।
30 ਅਪ੍ਰੈਲ ਤੱਕ ਮੁਆਵਜ਼ਾ ਦੇਵਾਂਗੇ
ਕੇਜਰੀਵਾਲ ਨੇ ਕਿਹਾ ਕਿ ਜੇਕਰ ਅਸੀਂ ਚੋਣ ਜਿੱਤ ਗਏ ਤਾਂ 1 ਅਪ੍ਰੈਲ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦਿਆਂਗੇ, ਚਾਹੇ ਕੁਝ ਵੀ ਕਰਨਾ ਪਵੇ। ਜੇਕਰ ਮੌਜੂਦਾ ਸਰਕਾਰ ਨੇ ਬੇਮੌਸਮੀ ਬਰਸਾਤ ਅਤੇ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਤਾਂ ਸਾਡੀ ਸਰਕਾਰ ਬਣਨ ’ਤੇ 30 ਅਪ੍ਰੈਲ ਤੱਕ ਇਹ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿਆਂਗੇ। ਇਸ ਦੇ ਲਈ ਉਹ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਫੈਸਲਾ ਲੈਣਗੇ। ਖੇਤੀ ਵਿੱਚ ਲਾਗਤ ਅਤੇ ਲਾਭ ਜੋੜਨ ਤੋਂ ਬਾਅਦ ਹੀ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੀਏਪੀ ਬਣਾਉਣ ਦੀਆਂ ਫੈਕਟਰੀਆਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪਰਾਲੀ ਤੋਂ ਕੋਲਾ ਬਣਾਉਣ ਲਈ ਇਕ ਯੂਨਿਟ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਅਸੀਂ ਇੱਥੇ ਰੁਜ਼ਗਾਰ ਪੈਦਾ ਕਰਾਂਗੇ। ਮੈਂ ਜੋ ਕਹਿ ਰਿਹਾ ਹਾਂ ਕਰ ਕੇ ਦਿਖਾਵਾਂਗਾ, ਮੈਂ ਕਦੇ ਝੂਠ ਨਹੀਂ ਬੋਲਿਆ।