ਕੇਜਰੀਵਾਲ ਨੇ ਹੁਣ ਜੋਜੋ ਨਾਲ ਪਾਇਆ ‘ਪੇਚਾ’, ਜੋਜੋ ਨੇ ਕਿਹਾ ਅਦਾਲਤ ’ਚ ਘੜੀਸਾਂਗਾ

ਬਠਿੰਡਾ : ਦੋ ਦਿਨਾਂ ਪੰਜਾਬ ਦੌਰੇ ’ਤੇ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਠਿੰਡਾ ਵਿਖੇ ਵਪਾਰੀਆਂ ਦੇ ਰੂ-ਬ-ਰੂ ਹੋਏ। ਇਸ ਦਰਮਿਆਨ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ’ਤੇ ‘ਜੋਜੋ ਟੈਕਸ’ ਖ਼ਤਮ ਕਰ ਦਿੱਤਾ ਜਾਵੇਗਾ। ਦਰਅਸਲ ਵਪਾਰੀਆਂ ਨੇ ਗੱਲਬਾਤ ਦਰਮਿਆਨ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਇੰਸਪੈਕਟਰ ਰਾਜ ਦੇ ਮਸਲੇ ਨੂੰ ਕੇਜਰੀਵਾਲ ਸਾਹਮਣੇ ਰੱਖਿਆ ਸੀ। ਕੇਜਰੀਵਾਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ’ਚ ਹਰ ਤਰ੍ਹਾਂ ਦਾ ਗੁੰਡਾ ਟੈਕਸ ਅਤੇ ਇੰਸਪੈਕਟਰ ਰਾਜ ਖ਼ਤਮ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸੁਣਨ ’ਚ ਆਇਆ ਹੈ ਕਿ ਬਠਿੰਡਾ ’ਚ ‘ਜੋਜੋ ਟੈਕਸ’ ਵੀ ਵਪਾਰੀਆਂ ਤੋਂ ਉਗਰਾਹਿਆ ਜਾਂਦਾ ਹੈ। ਸਾਡੀ ਸਰਕਾਰ ਆਉਣ ’ਤੇ ਇਹ ਟੈਕਸ ਖ਼ਤਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ‘ਜੋਜੋ’ ਵਿੱੱਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਦਾ ਪੂਰਾ ਨਾਂ ਜੈਜੀਤ ਜੌਹਲ ਹੈ।

ਅਦਾਲਤ ਵਿੱਚ ਘੜੀਸਾਂਗਾ: ਜੋਜੋ
ਅਰਵਿੰਦ ਕੇਜਰੀਵਾਲ ਦੇ ਜਵਾਬ ’ਚ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਵੀ ਇੱਕ ਮਾਮਲੇ ’ਚ ਮਾਫ਼ੀ ਮੰਗ ਚੁੱਕੇ ਹਨ ਪਰ ਮੈਂ ਉਸ ਦੀ ਮਾਫ਼ੀ ਸਵੀਕਾਰ ਨਹੀਂ ਕਰਾਂਗਾ ਤੇ ਬਠਿੰਡਾ ਦੀਆਂ ਅਦਾਲਤਾਂ ਦੇ ਗੇੜੇ ਕਢਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਖਿਲਾਫ਼ ਮਾਣਹਾਨੀ ਦੀ ਕੇਸ ਕਰਾਂਗਾ ਤੇ ਇਸ ਬਾਰੇ ਆਪਣੇ ਵਕੀਲ ਨਾਲ ਗੱਲ ਕਰ ਰਿਹਾ ਹਾਂ।