ਪੰਜਾਬ ’ਚ 17 ਮਈ ਤੱਕ ਲੱਗਿਆ ਰਹੇਗਾ ਕਰਫਿਊ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਰਾਜ ਦੇ ਗ੍ਰਹਿ ਵਿਭਾਗ ਨੇ ਰਾਜ ਵਿੱਚ 3 ਮਈ ਤੋਂ ਬਾਅਦ ਕਰਫਿਊ ਵਿੱਚ ਦੋ ਹਫਤਿਆਂ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਰਾਜ ਵਿੱਚ 17 ਮਈ ਤੱਕ ਕਰਫਿਊ ਲੱਗਿਆ ਰਹੇਗਾ ਪਰ ਨਾਲ ਹੀ ਭਲਕੇ ਵੀਰਵਾਰ ਤੋਂ ਕਰਫਿਊ ਵਿੱਚ ਸਵੇਰੇ 7 ਵਜੇ ਤੋਂ 11 ਵਜੇ ਤੱਕ ਚਾਰ ਘੰਟਿਆਂ ਦੀ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਵਾਰੋ-ਵਾਰੀ ਦੁਕਾਨਾਂ ਖੋਲ੍ਹਿਆਂ ਜਾ ਸਕਣਗੀਆਂ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੁਕਾਨਾਂ ਖੋਲ੍ਹਣ ਦੇ ਮੁੱਦੇ ਉੱਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਜ਼ਿਲ੍ਹੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ। ਇਸ ਦੌਰਾਨ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।