ਪੰਜਾਬ ’ਚ 3 ਰੁਪਏ ਸਸਤੀ ਹੋਈ ਬਿਜਲੀ, ਮੁਲਾਜ਼ਮਾਂ ਦੇ ਡੀਏ ’ਚ 11 ਫ਼ੀਸਦੀ ਦਾ ਵਾਧਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੰਦਿਆਂ ਐਲਾਨ ਕੀਤਾ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ 3 ਰੁਪਏ ਸਸਤੀ ਮਿਲੇਗੀ। ਇਸ ਦੇ ਨਾਲ ਹੀ ਸੂਬੇ ਦੇ ਮੁਲਾਜ਼ਮਾਂ ਦੇ ਡੀ. ਏ. ‘ਚ 11 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ ਨੂੰ ਹਰ ਮਹੀਨੇ 440 ਕਰੋੜ ਰੁਪਏ ਜ਼ਿਆਦਾ ਦੇਣਾ ਪਿਆ ਕਰੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਿਜਲੀ ਦੇ ਰੇਟਾਂ ਦੇ ਨਵੇਂ ਐਲਾਨ ਮੁਤਾਬਕ ਜਿੱਥੇ 100 ਯੂਨਿਟ ਤੱਕ ਬਿਜਲੀ ਦਾ ਰੇਟ 4 ਰੁਪਏ 19 ਸੀ, ਹੁਣ ਘੱਟ ਕੇ 1 ਰੁਪਿਆ 19 ਪੈਸੇ ਹੋ ਗਿਆ ਹੈ। ਇਸੇ ਤਰ੍ਹਾਂ 100 ਤੋਂ 300 ਯੂਨਿਟ ਤੱਕ 7 ਰੁਪਏ ਦੀ ਬਜਾਏ ਹੁਣ ਸਿਰਫ 4 ਰੁਪਏ ਦੇਣਗੇ ਪੈਣਗੇ। ਉਨ੍ਹਾਂ ਕਿਹਾ ਕਿ 300 ਤੋਂ ਉੱਪਰ ਯੂਨਿਟ ਦੇ ਨਵੇਂ ਰੇਟਾਂ ਮੁਤਾਬਕ 5 ਰੁਪਏ 76 ਪੈਸੇ ਦੇਣੇ ਪੈਣਗੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਦਰਾਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਫ਼ਾਇਦਾ ਮਿਲੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿਹੜੇ ਰੇਟ ਅੱਜ ਬਿਜਲੀ ਦੇ ਤੈਅ ਕੀਤੇ ਗਏ ਹਨ, ਉਹ ਪੂਰੇ ਦੇਸ਼ ‘ਚੋਂ ਸਭ ਤੋਂ ਸਸਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਸਸਤੀ ਬਿਜਲੀ ਖ਼ਰੀਦ ਰਹੀ ਹੈ ਅਤੇ ਜਿਹੜੀਆਂ ਕੰਪਨੀਆਂ ਮਹਿੰਗੀ ਬਿਜਲੀ ਦੇ ਰਹੀਆਂ ਹਨ, ਉਨ੍ਹਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰ ਨੇ ਆਪਣਾ 500 ਮੈਗਾਵਾਟ ਦਾ ਟੈਂਡਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਇਸ ‘ਚ 2 ਰੁਪਏ 38 ਪੈਸੇ ਦੇ ਹਿਸਾਬ ਨਾਲ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ 200 ਯੂਨਿਟ ਤੱਕ 21 ਲੱਖ ਖ਼ਪਤਕਾਰਾਂ ਦੀ ਬਿਜਲੀ ਮੁਆਫ਼ ਹੈ ਤੇ ਇਸ ਨੂੰ ਵਾਪਸ ਨਹੀਂ ਲਿਆ ਜਾ ਰਿਹਾ, ਇਹ ਇਸੇ ਤਰ੍ਹਾਂ ਰੈਗੂਲਰ ਰਹੇਗੀ।

Leave a Reply

Your email address will not be published. Required fields are marked *