ਜੇਲ੍ਹ ’ਚ ਕੈਦੀ ਦੀ ਕੁੱਟਮਾਰ, ਗਰਮ ਸਰੀਏ ਨਾਲ ਪਿੱਠ ’ਤੇ ਲਿਖਿਆ ‘ਅੱਤਵਾਦੀ’

ਮਾਨਸਾ : ਬਰਨਾਲਾ ਜੇਲ੍ਹ ‘ਚ ਬੰਦ ਕਰਮਜੀਤ ਸਿੰਘ ਨਾਂ ਦੇ ਹਵਾਲਾਤੀ ਨੇ ਇਲਜ਼ਾਮ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਪਿੱਠ ‘ਤੇ ਗਰਮ ਸਰੀਏ ਅੱਤਵਾਦੀ ਲਿਖ ਦਿੱਤਾ। ਇਸ ਪੂਰੇ ਮਾਮਲੇ ਤੋਂ ਪਰਦਾ ਉਦੋਂ ਉਠਿਆ ਜਦੋਂ ਬਰਨਾਲਾ ਜੇਲ੍ਹ ਵਿੱਚ ਬੰਦ ਹਵਾਲਾਤੀ ਆਪਣੇ ਕੇਸ ਦੀ ਪੇਸ਼ੀ ਭੁਗਤਣ ਲਈ ਮਾਨਸਾ ਦੀ ਅਦਾਲਤ ਵਿੱਚ ਲਿਆਦਾ ਗਿਆ। ਮਾਨਸਾ ਦੀ ਅਦਾਲਤ ਦੇ ਜੱਜ ਨੇ ਬਰਨਾਲਾ ਦੀ ਅਦਾਲਤ ਨੂੰ ਪੀੜਤ ਦਾ ਮੈਡੀਕਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਪੀੜਤ ਹਵਾਲਾਤੀ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਵਧੀਆ ਖਾਣਾ ਨਹੀਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਹੋ ਰਹੀ ਹੈ। ਜਦੋਂ ਉਸ ਨੇ ਇਹ ਮਾਮਲਾ ਜੇਲ੍ਹ ਪ੍ਰਸ਼ਾਸਨ ਸਾਹਮਣੇ ਉਠਾਇਆ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ। ਦੇਰ ਰਾਤ ਜੇਲ੍ਹ ਸੁਪਰਡੈਂਟ ਨੇ ਉਸ ਦੀ ਕੁੱਟਮਾਰ ਕੀਤੀ। ਉਸ ਦੀ ਪਿੱਠ ‘ਤੇ ਅੱਤਵਾਦੀ ਲਿਖ ਦਿੱਤਾ।
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਜੇਲ ਵਿਭਾਗ ਦਾ ਚਾਰਜ ਵੀ ਹੈ, ਨੇ ਏ.ਡੀ.ਜੀ.ਪੀ. (ਜੇਲ੍ਹਾਂ) ਪੀਕੇ ਸਿਨਹਾ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕੈਦੀ ਕਰਮਜੀਤ ਸਿੰਘ ਦੀ ਮੈਡੀਕਲ ਜਾਂਚ ਕਰਵਾਉਣ ਲਈ ਕਿਹਾ।