ਡੀਜੀਪੀ ਤੇ ਏਜੀ ਦੀ ਨਿਯੁਕਤੀ ਨਾਲ ਪੰਜਾਬ ਦੇ ਮਾਣ ਨੂੰ ਠੇਸ ਪਹੁੰਚੀ: ਸਿੱਧੂ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ’ਤੇ ਆਪਣੀ ਹੀ ਸਰਕਾਰ ’ਤੇ ਵੱਡੇ ਹਮਲੇ ਬੋਲੇ ਹਨ। ਸਿੱਧੂ ਨੇ ਕਿਹ ਕਿ 2017 ਵਿਚ ਦੋ ਵੱਡੇ ਮੁੱਦਿਆਂ ’ਤੇ ਇਕ ਸਰਕਾਰ ਬਣੀ ਸੀ ਅਤੇ ਦੂਜੀ ਡਿੱਗੀ ਸੀ। ਦੋ ਮੁੱਦਿਆਂ ’ਤੇ ਹੀ ਕੈਪਟਨ ਨੂੰ ਲਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਉਸ ਨੇ ਬੇਅਦਬੀ ਅਤੇ ਨਸ਼ੇ ਦੇ ਮੁੱਦੇ ’ਤੇ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਡਰੱਗ ਮਾਮਲੇ ਨੂੰ ਸਲਝਾਉਣ ਲਈ ਐਡਵੋਕੇਟ ਅਤੇ ਡੀ. ਜੀ. ਪੀ. ਦੀ ਅਹਿਮ ਭੂਮਿਕਾ ਹੁੰਦੀ ਹੈ। ਮੌਜੂਦਾ ਡੀਜੀਪੀ ਸੁਖਬੀਰ ਦੇ ਨੇੜੇ ਸੀ ਜਦਕਿ ਸੁਮੇਧ ਸੈਣੀ ਨੂੰ ਜ਼ਮਾਨਤ ਦਿਵਾਉਣ ਵਾਲੇ ਵਕੀਲ ਨੂੰ ਏਜੀ ਲਗਾ ਦਿੱਤਾ ਗਿਆ। ਇਸ ਨਾਲ ਪੰਜਾਬ ਦੇ ਮਾਣ ਨੂੰ ਠੇਸ ਪੁੱਜ ਰਹੀ ਹੈ। ਬੇਅਦਬੀ ਅਤੇ ਡਰੱਗ ਵਰਗੇ ਵੱਡੇ ਮੁੱਦੇ ਜੇ ਹੱਲ ਨਾ ਹੋਏ ਤਾਂ ਅਸੀਂ ਕਿਸ ਹੱਕ ਨਾਲ ਪਿੰਡਾਂ ਵਿਚ ਵੋਟ ਮੰਗਣ ਜਾਵਾਂਗੇ। ਚੰਨੀ ਸਰਕਾਰ ਨੇ ਬੇਅਦਬੀ ਤੇ ਡਰੱਗ ਦੇ ਮਾਮਲੇ ਵਿਚ ਕੋਈ ਰੁਝਾਨ ਨਹੀਂ ਦਿਖਾਇਆ। ਸਿੱਧੂ ਨੇ ਕਿਹਾ, ਅੱਜ ਦੋ ਹੀ ਰਸਤੇ ਹਨ ਜਾਂ ਤਾਂ ਲੌਲੀਪਾਪ ਦੇ ਕੇ ਸਰਕਾਰ ਬਣਾਓ ਜਾਂ ਫਿਰ ਪੰਜਾਬ ਨੂੰ ਬਿਹਤਰੀਨ ਸੂਬਾ ਬਣਾਉਣ ਲਈ ਕਦਮ ਚੁੱਕੇ ਜਾਣ। ਜੇ ਸਰਕਾਰ ’ਚ ਨਸ਼ੇ ਦੇ ਮਾਮਲੇ ’ਤੇ ਐੱਸਟੀਐੱਫ ਦੀ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਤਾਂ ਉਹ ਰਿਪੋਰਟ ਪਾਰਟੀ ਨੂੰ ਸੌਂਪੇ ਅਸੀਂ ਇਸ ਨੂੰ ਨਸ਼ਰ ਕਰਾਂਗੇ।
ਸਿੱਧੂ ਨੇ ਅਸਤੀਫ਼ਾ ਵਾਪਸ ਲਿਆ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਨਵਜੋਤ ਸਿੱਧੂ ਨੇ ਵਾਪਸ ਲੈ ਲਿਆ ਹੈ। ਉਨ੍ਹਾਂ ਸਾਫ ਆਖਿਆ ਹੈ ਕਿ ਜਿਸ ਦਿਨ ਨਵਾਂ ਏ. ਜੀ. ਆਏਗਾ ਉਸ ਦਿਨ ਮੈਂ ਆਪਣਾ ਚਾਰਜ ਸੰਭਾਲ ਲਵਾਂਗਾ। ਸਿੱਧੂ ਨੇ ਕਿਹਾ ਕਿ ਪੰਜਾਬ ਲਈ ਉਹ ਕਿਸੇ ਕੀਮਤ ’ਤੇ ਕਿਸੇ ਨਾਲ ਵੀ ਹੀ ਸਮਝੌਤਾ ਨਹੀਂ ਕਰ ਸਕਦੇ।