ਸਿੱਧੂ ਦਾ ਏਜੀ ਦਿਓਲ ’ਤੇ ਪਲਟਵਾਰ: ਮੁੱਖ ਮੁਲਜ਼ਮਾਂ ਦੀ ਪੈਰਵੀ ਕਰਦੇ ਸਮੇਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ?

ਚੰਡੀਗੜ੍ਹ: ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਵਲੋਂ ਨਵਜੋਤ ਸਿੱਧੂ ਖ਼ਿਲਾਫ਼ ਗ਼ਲਤ ਜਾਣਕਾਰੀ ਫੈਲਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਸਿੱਧੂ ਨੇ ਵੀ ਜਵਾਬੀ ਹਮਲਾ ਬੋਲਿਆ ਹੈ। ਇਸ ਹਮਲੇ ਵਿਚ ਨਵਜੋਤ ਸਿੱਧੂ ਨੇ ਨਾ ਸਿਰਫ ਏ.ਜੀ. ਦਿਓਲ ਨੂੰ ਨਿਸ਼ਾਨੇ ’ਤੇ ਲਿਆ ਹੈ ਸਗੋਂ ਪੰਜਾਬ ਸਰਕਾਰ ’ਤੇ ਵੀ ਸਵਾਲ ਚੁੱਕੇ ਹਨ। ਸਿੱਧੂ ਨੇ ਏ. ਜੀ. ਨੂੰ ਦਿਓਲ ਨੂੰ ਸਵਾਲ ਪੁੱਛਿਆ ਹੈ ਕਿ ‘ਕੀ ਮੈਂ ਇਹ ਜਾਣ ਸਕਦਾ ਹਾਂ ਕਿ ਜਦੋਂ ਤੁਸੀਂ ਮੁੱਖ ਮੁਲਜ਼ਮਾਂ ਦੀ ਪੈਰਵੀ ਕਰ ਰਹੇ ਸੀ ਅਤੇ ਉਨ੍ਹਾਂ ਨੂੰ ਬਲੈਂਕੇਟ ਬੇਲ ਦਵਾ ਰਹੇ ਸੀ, ਉਦੋਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ ਅਤੇ ਹੁਣ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ? ਕੀ ਤੁਸੀਂ ਉਨ੍ਹਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਇਸ ਸੰਵਿਧਾਨਕ ਦਫ਼ਤਰ ਵਿਚ ਨਿਯੁਕਤ ਕੀਤਾ ਹੈ।’ ਸਿੱਧੂ ਨੇ ਅੱਗੇ ਕਿਹਾ ਕਿ ‘ਮਿਸਟਰ ਏ. ਜੀ. ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲੇ ਵਿਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ, ਮੁਲਜ਼ਮਾਂ ਲਈ ਹਾਈਕੋਰਟ ਵਿਚ ਪੇਸ਼ ਹੋਏ ਅਤੇ ਸਾਡੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਅੱਜ ਤੁਸੀਂ ਸੱਤਾ ਵਿਚ ਉਸੇ ਸਿਆਸੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਮੇਰੇ ’ਤੇ ਗ਼ਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਰਹੇ ਹੋ। ਜਦਕਿ ਮੈਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਲਈ ਲੜ ਰਿਹਾ ਹਾਂ ਪਰ ਤੁਸੀਂ ਮੁਲਜ਼ਮਾਂ ਨੂੰ ਜ਼ਮਾਨਤਾਂ ਦਵਾ ਰਹੇ ਹੋ।’