ਘੁਡਾਣੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਮਾਨ ਸਿੰਘ ਮਾਨ ਗ੍ਰਿਫ਼ਤਾਰ

ਪਾਇਲ : ਪਿੰਡ ਘੁਡਾਣੀ ਕਲਾਂ ਦੇ ਗੁਰੂਦੁਆਰਾ ਚੋਲਾ ਸਾਹਿਬ ਵਿਖੇ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੇ ਗੁਰੂਘਰ ਦੇ ਮੈਨੇਜਰ ਗੁਰਜੀਤ ਸਿੰਘ ਨਾਲ ਤਲਖੀ ਵਿਚ ਗੁਰੂ ਜੀ ਦੇ ਚੋਲਾ ਸਾਹਿਬ ਅਤੇ ਗੁਰੂ ਘਰ ਦੇ ਗੋਲਕ ਦੇ ਮਸਲੇ ਬਾਰੇ ਕਈ ਦਿਨਾਂ ਤੋ ਚਲ ਰਹੇ ਵਿਵਾਦ ਕਾਰਨ ਸਵਾਲ ਜਵਾਬ ਕਰਨੇ ਸੁਰੂ ਕਰ ਦਿੱਤੇ। ਦਫਤਰ ਵਿਚ ਸਵਾਲ ਜਵਾਬ ਸਮੇਂ ਬਣੀ ਤਲਖੀ ਦਾ ਕਾਰਨ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਉਪਰ ਲਵਾਏ ਗਏ ਦੋਸ਼ ਜਿਵੇ ਬਾਦਲ ਪਰਿਵਾਰ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ‘ਚ ਲੰਮੇ ਸਮੇਂ ਤੋਂ ਦਖਲਅੰਦਾਜੀ, ਗੁਰੂ ਸਾਹਿਬ ਦੇ 328 ਸਰੂਪਾਂ ਦਾ ਚੋਰੀ ਹੋਣਾ, ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆਂ ‘ਚ ਰੋਲਣਾ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਗੁਰੂ ਸਾਹਿਬ ਪ੍ਰਤੀ ਗ਼ੈਰ-ਜ਼ਿੰਮੇਵਾਰ ਹੋਣਾ, ਗੋਲਕ ਦੀ ਦੁਰਵਰਤੋਂ, ਦੋਸ਼ੀਆਂ ਤੇ ਗੈਰ ਸਿੱਖਾਂ ਨੂੰ ਮਾਫ਼ੀਨਾਮੇ ਜਾਰੀ ਕਰਵਾਉਣੇ ਆਦਿ ਸਵਾਲਾਂ ਨਾਲ ਮੈਨੇਜਰ ਨੂੰ ਘੇਰਿਆ ਗਿਆ। ਮੈਨੇਜਰ ਅਤੇ ਮਾਨ ਵਿਚਕਾਰ ਚੱਲ ਰਹੀ ਤਲਖਬਾਜ਼ੀ “ਚ ਜਦੋ ਥਾਣਾ ਮੁਖੀ ਪਾਇਲ ਇੰਸਪੈਕਟਰ ਕਰਨੈਲ ਸਿੰਘ ਨੇ ਮਾਨ ਨੂੰ ਸ਼ਾਂਤਮਈ ਗੱਲ ਕਰਨ ਲਈ ਕਿਹਾ ਤਾਂ ਈਮਾਨ ਸਿੰਘ ਨੇ ਥਾਣਾ ਮੁਖੀ ‘ਤੇ ਵੀ ਕਥਿੱਤ ਤੌਰ ’ਤੇ ਰਾਜਨੀਤਕ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਈਮਾਨ ਸਿੰਘ ਮਾਨ ਨੂੰ ਪਾਇਲ ਪੁਲਿਸ ਵੱਲੋਂ ਗਾਲੀ-ਗਲੋਚ ਕਰਨ ਤੇ ਮਾਹੌਲ ਨੂੰ ਖਰਾਬ ਕਰਨ ਸੰਬੰਧੀ ਗ੍ਰਿਫ਼ਤਾਰ ਕਰ ਲਿਆ ਗਿਆ।