ਅੰਮ੍ਰਿਤਸਰ ’ਚ ਭਾਜਪਾ ਆਗੂ ਦੇ ਲੜਕਿਆਂ ਨੇ ਤੋੜਿਆ ਭਗਤ ਪੂਰਨ ਸਿੰਘ ਗੇਟ

ਅੰਮ੍ਰਿਤਸਰ : ਦੁਨੀਆਂ ਨੂੰ ਸੇਵਾ ਦਾ ਸੁਨੇਹਾ ਦੇਣ ਵਾਲੇ ‘ਪਿੰਗਲਵਾੜੇ’ ਦੇ ਬਾਨੀ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਅੰਮ੍ਰਿਤਸਰ ਵਿੱਚ ਬਣੇ ਗੇਟ ਨੂੰ ਢਾਹ ਦਿੱਤਾ ਗਿਆ। ਕਲੋਜ਼ ਸਰਕਟ (ਸੀਸੀ) ਕੈਮਰਿਆਂ ਦੀ ਫੁਟੇਜ ਵਿੱਚ ਕੁਝ ਨੌਜਵਾਨ ਗੇਟ ਤੋੜਦੇ ਹੋਏ ਦਿਖਾਈ ਦਿੱਤੇ। ਭਗਤ ਪੂਰਨ ਸਿੰਘ ਗੇਟ ਤੋੜਨ ਵਾਲੇ ਅੰਮ੍ਰਿਤਸਰ ਦੇ ਇੱਕ ਭਾਜਪਾ ਆਗੂ ਦੇ ਲੜਕੇ ਦੱਸੇ ਜਾ ਰਹੇ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਗੇਟ ਪਿੰਗਲਵਾੜਾ ਦੇ ਮੁੱਖ ਦਫ਼ਤਰ ਦੇ ਨਾਲ ਬਣਿਆ ਹੋਇਆ ਹੈ। ਕਾਂਗਰਸ ਨਾਲ ਜੁੜੇ ਮਿੱਠੂ ਮਦਾਨ ਨੇ ਦੱਸਿਆ ਕਿ ਭਾਜਪਾ ਆਗੂ ਦੇ ਲੜਕਿਆਂ ਨੇ ਇਹ ਗੇਟ ਤੋੜਿਆ ਹੈ। ਮਿੱਠੂ ਮਦਾਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਆਪਣੀ ਕਾਰ ਤੋਂ ਹੇਠਾਂ ਉਤਰ ਕੇ ਗੇਟ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਕਾਂਗਰਸੀ ਵਰਕਰ ਰੋਡ ਜਾਮ ਕਰਨਗੇ। ਅੰਮ੍ਰਿਤਸਰ ਦੇ ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪਿੰਗਲਵਾੜਾ ਸੰਸਥਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਗੇਟ ਤੋੜਨ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਭਾਜਪਾ ਆਗੂ ਦੇ ਲੜਕਿਆਂ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਵਰਗੀ ਸ਼ਖ਼ਸੀਅਤ ਦੀ ਯਾਦ ਨੂੰ ਢਾਹ ਲਾ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ।

Leave a Reply

Your email address will not be published. Required fields are marked *