ਵਿਅਕਤੀ ਨੇ ਜਿਊਂਦੀ ਹੀ ਦਫ਼ਨਾ ਦਿੱਤੀ ਆਪਣੀ ਮਾਂ, 3 ਦਿਨਾਂ ਬਾਅਦ ਬੇਹੋਸ਼ੀ ਦੀ ਹਾਲਤ ’ਚ ਜ਼ਮੀਨ ’ਚੋਂ ਕੱਢੀ ਗਈ

ਬੀਜਿੰਗ- ਉੱਤਰੀ ਚੀਨ ਵਿਚ ਪੁਲਿਸ ਨੇ ਇਕ ਔਰਤ ਨੂੰ ਕਬਰ ਵਿਚੋਂ ਤਿੰਨ ਦਿਨਾਂ ਬਾਅਦ ਜ਼ਿੰਦਾ ਬਚਾਇਆ ਹੈ। ਔਰਤ ਦੇ ਬੇਟੇ ‘ਤੇ ਦੋਸ਼ ਹੈ ਕਿ ਉਸ ਨੇ ਆਪਣੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਮ੍ਰਿਤਕ ਦੇ ਰੂਪ ਵਿਚ ਦਫ਼ਨਾਇਆ ਸੀ।
ਤਿੰਨ ਦਿਨਾਂ ਬਾਅਦ ਔਰਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਰਾਮਦ ਕੀਤਾ ਗਿਆ। ਉਹ ਮਿੱਟੀ ਨਾਲ ਹਲਕਾ-ਹਲਕਾ ਦੱਬੀ ਸੀ। ਦੋਸ਼ੀ ਵਿਅਕਤੀ ਦੀ ਪਤਨੀ ਨੇ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ 2 ਮਈ ਨੂੰ ਆਪਣੀ ਮਾਂ ਨੂੰ ਕਿਤੇ ਕਾਰ ਵਿਚ ਲੈ ਗਏ ਸਨ।
ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ ਤਾਂ ਉਸ ਨੂੰ ਸ਼ੱਕ ਹੋਇਆ। ਦੋਸ਼ੀ ਵਿਅਕਤੀ ਦੀ ਪਤਨੀ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਮਾਂ ਬਾਰੇ ਉਸ ਤੋਂ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਮਾਮਲੇ ਦੀ ਹਕੀਕਤ ਸਾਹਮਣੇ ਆਈ।
ਮੁਲਜ਼ਮ ਦੀ ਪਛਾਣ 58 ਸਾਲਾ ਮਾ ਵਜੋਂ ਹੋਈ ਹੈ, ਜਿਸ ਨੇ ਆਪਣੀ 79 ਸਾਲਾ ਮਾਂ ਵੈਂਗ ਨੂੰ ਜਿੰਦਾ ਦਫਨਾਇਆ ਸੀ। ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਵਿਅਕਤੀ ਆਪਣੀ ਮਾਂ ਨੂੰ ਕਾਰ ਵਿਚ ਬਿਠਾ ਰਿਹਾ ਸੀ ਤਾਂ ਉਹ ਚੀਕ ਰਹੀ ਸੀ। ਇਸ ਦੇ ਨਾਲ ਹੀ ਬਚਾਉਣ ਦੀ ਆਵਾਜ਼ ਲਗਾ ਰਹੀ ਸੀ।
ਕਈ ਅਖਬਾਰਾਂ ਨੇ ਲਿਖਿਆ ਹੈ ਕਿ ਪੁਲਿਸ ਵਿਭਾਗ ਤੋਂ ਉਨ੍ਹਾਂ ਨੂੰ ਇਸ ਮਾਮਲੇ ਵਿਚ ਕੋਈ ਅਧਿਕਾਰਤ ਬਿਆਨ ਨਹੀਂ ਮਿਲਿਆ ਹੈ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋਸ਼ੀ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ।
ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ, ਇਸ ਲਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਅਖਬਾਰ ਦੀਆਂ ਖਬਰਾਂ ਅਨੁਸਾਰ ਔਰਤ ਅਧਰੰਗੀ ਸੀ ਅਤੇ ਉਸਦਾ ਬੇਟਾ ਦੇਖਭਾਲ ਤੋਂ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।