ਹਰ ਮਹੀਨੇ ਖ਼ਜ਼ਾਨੇ ਦੀ ਸਥਿਤੀ ਜਨਤਕ ਕਰੇ ਸਰਕਾਰ : ਸਿੱਧੂ

ਚੰਡੀਗੜ੍ਹ : ਪੰਜਾਬ ਵਿੱਚ ‘ਸੁਪਰ ਸੀਐਮ’ ਵਜੋਂ ਕੰਮ ਕਰ ਰਹੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੂੰ ਨਵਾਂ ਟਾਸਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰ ਮਹੀਨੇ ਖ਼ਜ਼ਾਨੇ ਦੀ ਸਥਿਤੀ ਜਨਤਕ ਕਰਨੀ ਚਾਹੀਦੀ ਹੈ। ਸਰਕਾਰ ਦੱਸੇ ਕਿ ਭਲਾਈ ਸਕੀਮਾਂ ‘ਤੇ ਲਾਇਆ ਜਾ ਰਿਹਾ ਫੰਡ ਕਮਾਈ ਹੈ ਜਾਂ ਕਰਜ਼ਾ।

ਸਿੱਧੂ ਦੀ ਇਹ ਮੰਗ ਇਸ ਲਈ ਅਹਿਮ ਹੈ ਕਿਉਂਕਿ ਪੰਜਾਬ ਚੋਣਾਂ ਨੇੜੇ ਦੇਖਦਿਆਂ ਚੰਨੀ ਸਰਕਾਰ ਵੱਡੇ ਪੱਧਰ ‘ਤੇ ਰਾਹਤ ਦੇ ਰਹੀ ਹੈ। ਬਿਜਲੀ ਬਿੱਲ ਮੁਆਫੀ ਤੋਂ ਲੈ ਕੇ ਇਸ ਦੇ ਰੇਟ ਘਟਾਏ, ਪੈਟਰੋਲ ਅਤੇ ਡੀਜ਼ਲ ਸਸਤਾ ਕੀਤਾ ਗਿਆ। ਪੰਜਾਬ  ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦੀ ਗੱਲ ਅਕਸਰ ਕਰਦੀ ਹੈ। ਅਜਿਹੇ ‘ਚ ਜੇਕਰ ਚੰਨੀ ਸਰਕਾਰ ਇਸ ਨੂੰ ਜਨਤਕ ਕਰਦੀ ਹੈ ਤਾਂ ਇਸ ਦੀ ਆਪਣੀ ਪੋਲ ਵੀ ਬੇਨਕਾਬ ਹੋ ਸਕਦੀ ਹੈ।

ਸਿੱਧੂ ਨੇ ਟਵਿੱਟਰ ਹੈਸ਼ਟੈਗ PunjabBeyond2022 ਅਤੇ HaqiqatPunjabDi ਰਾਹੀਂ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ਕੀਤਾ ਕਿ ਅੱਜ ਪੰਜਾਬ ਦੇਸ਼ ਦਾ ਸਭ ਤੋਂ ਕਰਜ਼ਦਾਰ ਸੂਬਾ ਹੈ। ਪੰਜਾਬ ‘ਤੇ ਕੁੱਲ ਘਰੇਲੂ ਉਤਪਾਦ ਦਾ 50 ਫੀਸਦੀ ਕਰਜ਼ਾ ਹੈ। ਅੱਧੇ ਤੋਂ ਵੱਧ ਖਰਚੇ ਮਹਿੰਗੇ ਕਰਜ਼ੇ ਦੇ ਕੇ ਪੂਰੇ ਕੀਤੇ ਜਾ ਰਹੇ ਹਨ। ਪੰਜਾਬ ਨੂੰ ਉਨਾਂ ਅਸਲ ਮੁੱਦਿਆਂ ਤੋਂ ਭਟਕਣ ਨਹੀਂ ਦੇਣਾ ਚਾਹੀਦਾ ਜਿਸਦਾ ਹਰ ਪੰਜਾਬੀ ਅਤੇ ਪਾਰਟੀ ਵਰਕਰ ਨੂੰ ਸਮਰਥਨ ਕਰਨਤ ਚਾਹੀਦਾ ਹੈ। ਸਿੱਧੂ ਨੇ ਟਵੀਟ ਵਿੱਚ ਅੱਗੇ ਲਿਖਿਆ ਕਿ ਕਰਜ਼ਾ ਲੈਣਾ ਕੋਈ ਹੱਲ ਨਹੀਂ ਹੈ। ਟੈਕਸ ਦੀ ਕਮਾਈ ਕਰਜ਼ੇ ਦੇ ਨਿਪਟਾਰੇ ‘ਤੇ ਨਹੀਂ ਵਰਤੀ ਜਾਣੀ ਚਾਹੀਦੀ। ਸਗੋਂ ਲੋਕਾਂ ਨੂੰ ਵਿਕਾਸ ਦੇ ਰੂਪ ਵਿੱਚ ਵਾਪਸ ਮਿਲਣਾ ਚਾਹੀਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਧੂ ਨੇ ਖਜ਼ਾਨੇ ‘ਤੇ ਨਿਸ਼ਾਨਾ ਸਾਧਿਆ ਹੈ।

Leave a Reply

Your email address will not be published. Required fields are marked *