ਜ਼ਰੂਰੀ ਨਹੀਂ, ਸਾਰੇ ਵਿਧਾਇਕਾਂ ਨੂੰ ਮੁੜ ਟਿਕਟ ਮਿਲੇ: ਸਿੱਧੂ

ਚੰਡੀਗੜ੍ਹ : ਕਰੀਬ ਡੇਢ ਮਹੀਨੇ ਬਾਅਦ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਦੀ ਕਮਾਨ ਸੰਭਾਲ ਲਈ ਹੈ। ਮੰਗਲਵਾਰ ਨੂੰ ਉਹ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਪਹੁੰਚੇ। ਅਹੁਦਾ ਸੰਭਾਲਣ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਹਰ ਵਿਧਾਇਕ ਨੂੰ ਟਿਕਟ ਨਹੀਂ ਮਿਲੇਗੀ।
ਜਿੱਤਣ ਦੀ ਸਮਰੱਥਾ ਰੱਖਣ ਵਾਲਿਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਇਸ ਲਈ ਸਰਵੇ ਕਰਵਾਏਗੀ। ਸਿੱਧੂ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਇਸ ਵਾਰ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਕਾਂਗਰਸ ਆਖੀਰ ’ਚ ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗੀ। ਇਸ ਦੇ ਨਾਲ ਹੀ ਸਿੱਧੂ ਦੇ ਨਾਲ ਮੌਜੂਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸੀਐਮ ਚਿਹਰੇ ਬਾਰੇ ਸਵਾਲ ਨੂੰ ਟਾਲਦਿਆਂ ਕਿਹਾ ਕਿ ਇਸ ਸਮੇਂ ਹਰ ਪੰਜਾਬੀ ਕਾਂਗਰਸ ਕੋਲ ਸੀਐਮ ਚਿਹਰਾ ਹੈ। ਸਿੱਧੂ ਨੇ ਕਿਹਾ ਕਿ ਅਗਲੇ ਇੱਕ ਮਹੀਨੇ ਵਿੱਚ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਇਕਾਈ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਨਾਰਾਜ਼ ਕਾਂਗਰਸੀਆਂ ਨੂੰ ਬਗ਼ਾਵਤ ਨਾ ਕਰਨ ਦਾ ਸੁਨੇਹਾ ਵੀ ਦਿੱਤਾ। ਪਾਰਟੀ ਵਿੱਚ ਸਾਰਿਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ।
ਸਿੱਧੂ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸੀਐਮ ਚੰਨੀ ਨਾਲ ਚੱਲਣਗੇ। ਉਨ੍ਹਾਂ ਕਿਹਾ ਕਿ ਮੇਰੇ ਕੋਲ ਜਥੇਬੰਦੀ ਦੀ ਤਾਕਤ ਹੈ। ਜਦਕਿ ਸੀਐਮ ਚੰਨੀ ਕੋਲ ਪ੍ਰਸ਼ਾਸਨਿਕ ਸ਼ਕਤੀ ਹੈ। ਅਸੀਂ ਦੋ ਪਹੀਏ ਹਾਂ, ਜੋ ਇਕੱਠੇ ਚੱਲਾਂਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਦੇ ਪੰਜਾਬ ਮਾਡਲ ਕਾਂਗਰਸ ਹਾਈਕਮਾਂਡ ਦੀ ਵੀ ਪ੍ਰਵਾਨਗੀ ਹੈ।

Leave a Reply

Your email address will not be published. Required fields are marked *