ਪੰਜਾਬ ’ਚ ਘੁੰਮਦੇ ਨਕਲੀ ਕੇਜਰੀਵਾਲ ਤੋਂ ਸੁਚੇਤ ਰਹੋ: ਕੇਜਰੀਵਾਲ

ਵਿਵਾਦਤ ਬਿਆਨ: ਪੰਜਾਬ ਦੀਆਂ ਧੀਆਂ ਨਵਾਂ ਸੂਟ ਖ਼ਰੀਦ ਸਕਣਗੀਆਂ

ਮੋਗਾ/ਚੰਡੀਗੜ੍ਹ : ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਰੋਜ਼ਾ ਪੰਜਾਬ ਦੌਰੇ ‘ਤੇ ਹਨ। ਅੱਜ ਮੋਗਾ ਵਿੱਚ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਹਰ ਔਰਤ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਹ ਇਹ ਵਿਵਾਦਤ ਬਿਆਨ ਵੀ ਦੇ ਗਏ ਕਿ ਬਹੁਤ ਸਾਰੀਆਂ ਧੀਆਂ ਕਾਲਜ ਨਹੀਂ ਜਾ ਸਕਦੀਆਂ, ਪਰ ਹੁਣ ਜਾ ਸਕਣਗੀਆਂ, ਧੀਆਂ ਹੁਣ ਨਵਾਂ ਸੂਟ ਖਰੀਦ ਸਕਣਗੀਆਂ। ਕੇਜਰੀਵਾਲ ਦੇ ਇਸ ਬਿਆਨ ਨੂੰ ਪੰਜਾਬ ਦੀਆਂ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਉਣ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ‘ਤੇ ਵੀ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ, ‘ਮੈਂ ਪੰਜਾਬ ‘ਚ ਨਕਲੀ ਕੇਜਰੀਵਾਲ ਘੁੰਮਦਾ ਦੇਖ ਰਿਹਾ ਹਾਂ। ਮੈਂ ਜੋ ਵੀ ਵਾਅਦਾ ਕਰਕੇ ਜਾਂਦਾ ਹਾਂ, ਦੋ ਦਿਨਾਂ ਬਾਅਦ ਉਹ ਵੀ ਉਹੀ ਵਾਅਦਾ ਕਰਦਾ ਹੈ ਪਰ ਕੋਈ ਕੰਮ ਨਹੀਂ ਕਰਦਾ।” ਕੇਜਰੀਵਾਲ ਨੇ ਕਿਹਾ ਕਿ “ਕਹਿੰਦਾ ਹੈ ਬਿਜਲੀ ਬਿੱਲ ਫਰੀ ਹੋ ਗਿਆ, ਪਰ ਅਜਿਹਾ ਕਿਸੇ ਨਾਲ ਨਹੀਂ ਹੋਇਆ। ਤੁਹਾਡੀ ਸਰਕਾਰ ਬਣੀ ਤਾਂ ਭਵਿੱਖ ਬਣੇਗਾ। ਬਿਜਲੀ ਦਾ ਬਿੱਲ ਜ਼ੀਰੋ ਕਰਨਾ ਕੋਈ ਨਹੀਂ ਜਾਣਦਾ, ਸਿਰਫ ਕੇਜਰੀਵਾਲ ਹੀ ਕਰ ਸਕਦਾ ਹੈ, ਇਸ ਲਈ ਨਕਲੀ ਕੇਜਰੀਵਾਲ ਤੋਂ ਦੂਰ ਰਹੋ।”
ਸਿਹਤ ਸੇਵਾ ‘ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੁਹੱਲਾ ਕਲੀਨਕ ਬਣਾਉਣ ‘ਤੇ 20 ਲੱਖ ਰੁਪਏ ਲੱਗਦੇ ਹਨ ਤੇ ਸਿਰਫ 10 ਦਿਨ ਲੱਗਦੇ ਹਨ, ਫਿਰ ਨਕਲੀ ਕੇਜਰੀਵਾਲ ਨੇ ਕਿਉਂ ਨਹੀਂ ਬਣਾਇਆ, ਇਹ ਕੰਮ ਸਿਰਫ ਅਸਲੀ ਕੇਜਰੀਵਾਲ ਹੀ ਕਰ ਸਕਦਾ ਹੈ।

ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਧੀਆਂ ਦੀ ਸਿੱਖਿਆ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਬਹੁਤ ਸਾਰੀਆਂ ਧੀਆਂ ਕਾਲਜ ਨਹੀਂ ਜਾ ਸਕਦੀਆਂ, ਪਰ ਹੁਣ ਜਾ ਸਕਣਗੀਆਂ, ਧੀਆਂ ਹੁਣ ਨਵਾਂ ਸੂਟ ਖਰੀਦ ਸਕਣਗੀਆਂ।

Leave a Reply

Your email address will not be published. Required fields are marked *