ਪਟਿਆਲਾ ਦੀ ਪਾਵਰ ਗੇਮ ਹਾਰੇ ਕੈਪਟਨ : ਆਪਣੇ ਗੜ੍ਹ ਵਿੱਚ ਹੀ ਕਰੀਬੀ ਮੇਅਰ ਦੀ ਕੁਰਸੀ ਨਹੀਂ ਬਚਾ ਸਕੇ

ਪਟਿਆਲਾ: ਨਗਰ ਨਿਗਮ ਦੇ ਜਨਰਲ ਹਾਊਸ ਦੀ ਅੱਜ ਸੱਦੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਮੇਅਰ ਸੰਜੀਵ ਬਿੱਟੂ ਬਹੁਮੱਤ ਸਾਬਤ ਨਾ ਕਰ ਸਕੇ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 39 ਕੌਂਸਲਰਾਂ ਨੇ ਮੇਅਰ ਨੂੰ ਬਹੁਮੱਤ ਸਾਬਤ ਕਰਨ ਲਈ ਨੋਟਿਸ ਜਾਰੀ ਕੀਤਾ ਸੀ ਜਿਸ ਦੇ ਚਲਦਿਆਂ ਹੀ ਮੇਅਰ ਨੇ ਅੱਜ ਲਈ ਮੀਟਿੰਗ ਮੁਕੱਰਰ ਕੀਤੀ ਸੀ। ਨਗਰ ਨਿਗਮ ਪਟਿਆਲਾ ਦੇ ਕੁੱਲ 60 ਕੌਂਸਲਰ ਹਨ। ਨਗਰ ਨਿਗਮ ਪਟਿਆਲਾ ਤਿੰਨ ਵਿਧਾਨ ਸਭਾ ਹਲਕਿਆਂ ’ਤੇ ਆਧਾਰਿਤ ਹੈ ਜਿਸ ਕਰਕੇ ਤਿੰਨਾਂ ਹਲਕਿਆਂ ਦੇ ਵਿਧਾਇਕ ਵੀ ਵੋਟਰ ਹਨ। ਇਸ ਤਰ੍ਹਾਂ ਨਿਗਮ ਦੀਆਂ ਕੁਲ ਵੋਟਾਂ 63 ਹਨ। ਅੱਜ ਵੀ ਇਸ ਮੀਟਿੰਗ ਦੌਰਾਨ ਵਿਧਾਇਕਾਂ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਹਮ ਮਹਿੰਦਰਾ ਸ਼ਾਮਿਲ ਹੋਏ। ਉਥੇ ਹੀ 59 ਕੌਂਸਲਰ ਵੀ ਮੌਜੂਦ ਸਨ। ਇਸ ਤਰ੍ਹਾਂ ਵੋਟਰ ਮੈਂਬਰਾਂ ਦੀ ਗਿਣਤੀ 61 ਰਹੀ ਜਿਨ੍ਹਾਂ ਵਿੱਚੋਂ ਬਿੱਟੂ ਦੇ ਹੱਕ ਵਿਚ ਪੱਚੀ ਭੁਗਤੇ, ਇਸ ਤਰ੍ਹਾਂ ਉਹ ਬਹੁਮੱਤ ਸਾਬਤ ਕਰਨ ਵਿੱਚ ਅਸਫਲ ਰਹੇ ਕਿਉਂਕਿ ਇਨ੍ਹਾਂ 61 ਮੈਂਬਰਾਂ ਵਿਚੋਂ ਮੇਅਰ ਨੂੰ ਬਹੁਮਤ ਸਾਬਤ ਕਰਨ ਲਈ ਇਕੱਤੀ ਵੋਟਰਾਂ ਦੀ ਜ਼ਰੂਰਤ ਸੀ ਪਰ ਉਹ ਅਜਿਹਾ ਨਾ ਕਰ ਸਕੇ ਜਿਸ ਕਰਕੇ ਮੁੱਢਲੀ ਕਾਰਵਾਈ ਦੌਰਾਨ ਮੇਅਰ ਸੰਜੀਵ ਬਿੱਟੂ ਨੂੰ ਮੇਅਰ ਅਹੁਦੇ ਤੋਂ ਮੁਅੱਤਲ ਕਰਦਿਆਂ ਸੀਨੀਅਰ ਡਿਪਟੀ ਮੇਅਰ ਹੋਣ ਨਾਤੇ ਯੋਗਿੰਦਰ ਸਿੰਘ ਯੋਗੀ ਨੂੰ ਐਕਟਿੰਗ ਮੇਅਰ ਬਣਾ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਮੀਟਿੰਗ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਕੀਤੀ। ਜ਼ਿਕਰਯੋਗ ਹੈ ਕਿ ਇਹ ਕਸ਼ਮਕਸ਼ ਕਈ ਦਿਨਾਂ ਤੋਂ ਚੱਲ ਰਹੀ ਸੀ। ਮੇਅਰ ਆਪਣੇ ਹਮਾਇਤੀ ਕੌਂਸਲਰਾਂ ਸਮੇਤ ਕਈ ਦਿਨਾਂ ਤੋਂ ਮੋਤੀ ਮਹਿਲ ਵਿੱਚ ਟਿਕੇ ਹੋਏ ਸਨ ਤੇ ਅੱਜ ਬਾਅਦ ਦੁਪਹਿਰ ਕੈਪਟਨ ਅਮਰਿੰਦਰ ਸਿੰਘ ਵੀ ਮੋਤੀ ਮਹਿਲ ਪੁੱਜੇ ਅਤੇ ਉਹ ਮੇਅਰ ਸਮੇਤ ਉਸ ਦੇ ਹਮਾਇਤੀ ਕੌਂਸਲਰਾਂ ਨੂੰ ਨਾਲ ਲੈ ਕੇ ਨਗਰ ਨਿਗਮ ਦਫਤਰ ਪੁੱਜੇ ਅਤੇ ਮੀਟਿੰਗ ਵਿਚ ਹਿੱਸਾ ਲਿਆ। ਉਧਰ ਬ੍ਰਹਮ ਮਹਿੰਦਰਾ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨਾਲ 35 ਕੌਂਸਲਰ ਪੁੱਜੇ ਹੋਏ ਸਨ। ਇਸ ਤੋਂ ਪਹਿਲਾਂ ਜਿਉਂ ਹੀ ਮੇਅਰ ਅਤੇ ਉਨ੍ਹਾਂ ਦੇ ਹਮਾਇਤੀ ਨਗਰ ਨਿਗਮ ਦਫ਼ਤਰ ਵਿੱਚ ਪੁੱਜੇ ਤਾਂ ਸਿਵਲ ਕੱਪੜਿਆਂ ਵਿੱਚ ਮੌਜੂਦ ਕੁਝ ਵਿਅਕਤੀ ਦੋ ਕੌਂਸਲਰਾਂ ਨੂੰ ਧੂਹ ਕੇ ਬਾਹਰ ਲੈ ਗਏ ਇਸ ਸਬੰਧੀ ਮੇਅਰ ਨੇ ਇਕ ਵੀਡੀਓ ਵੀ ਵਾਇਰਲ ਕੀਤੀ ਹੈ ਜਿਸ ਦੌਰਾਨ ਆਖਿਆ ਜਾ ਰਿਹਾ ਸੀ ਕਿ ਸਿਵਲ ਕੱਪੜਿਆਂ ਵਾਲੇ ਇਹ ਵਿਅਕਤੀ ਪੁਲੀਸ ਦੇ ਮੁਲਾਜ਼ਮ ਹਨ। ਫਿਰ ਮੇਅਰ ਜਦੋਂ ਮੀਟਿੰਗ ਹਾਲ ਵਿੱਚ ਗਏ ਤਾਂ ਉਨ੍ਹਾਂ ਤੋਂ ਪਹਿਲਾਂ ਹੀ ਉਨ੍ਹਾਂ ਦੀ ਕੁਰਸੀ ’ਤੇ ਸੀਨੀਅਰ ਡਿਪਟੀ ਮੇਅਰ ਬੈਠੇ ਸਨ ਜਿਸ ਨਾਲ ਜਾਂਦਿਆਂ ਹੀ ਮੇਅਰ ਸੰਜੀਵ ਬਿੱਟੂ ਦੀ ਤਲਖ਼ ਕਲਾਮੀ ਹੋਈ। ਪਹਿਲਾਂ ਸ੍ਰੀ ਯੋਗੀ ਨੇ ਕੁਰਸੀ ਛੱਡਣ ਤੋਂ ਇਨਕਾਰ ਕੀਤਾ ਪ੍ਰੰਤੂ ਮੇਅਰ ਦੀ ਸਖ਼ਤੀ ਉਪਰੰਤ ਉਹ ਕੁਰਸੀ ਛੱਡ ਕੇ ਲਾਂਭੇ ਹੋ ਗਏ ਤੇ ਉਸ ਕੁਰਸੀ ’ਤੇ ਮੇਅਰ ਬੈਠ ਗਏ। ਇਸ ਮੌਕੇ ਮੇਅਰ ਕੋਲ ਮੋਬਾਈਲ ਸੀ ਜਿਸ ’ਤੇ ਕੌਂਸਲਰਾਂ ਨੇ ਇਤਰਾਜ਼ ਕੀਤਾ।

ਮੀਟਿੰਗ ਤੋਂ ਬਾਅਦ ਸੰਜੀਵ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਆਪਣੇ 23 ਸਾਥੀ ਕੌਂਸਲਰਾਂ ਸਮੇਤ ਮੀਟਿੰਗ ਕੀਤੀ ਤੇ ਦਾਅਵਾ ਕੀਤਾ ਕਿ ਅੱਜ ਦੀ ਮੀਟਿੰਗ ਵਿੱਚ ਉਸ ਕੋਲ ਪੱਚੀ ਮੈਂਬਰ ਮੌਜੂਦ ਸਨ ਜਦਕਿ ਬਹੁਮਤ ਸਾਬਤ ਕਰਨ ਲਈ ਉਸ ਨੂੰ ਸਿਰਫ਼ ਇੱਕੀ ਮੈਂਬਰ ਚਾਹੀਦੇ ਸਨ। ਬਿੱਟੂ ਦਾ ਕਹਿਣਾ ਹੈ ਕਿ ਅੱਜ ਦੀ ਇਸ ਮੀਟਿੰਗ ਦੌਰਾਨ ਉਸ ਨੂੰ ਹਟਾਉਣ ਲਈ ਉਸ ਦੇ ਖਿਲਾਫ ਬੇਭਰੋਸਗੀ ਜ਼ਾਹਰ ਕਰਨ ਵਾਲੇ ਵਿਰੋਧੀ ਧੜੇ ਨੂੰ ਬਹੁਮੱਤ ਸਾਬਤ ਕਰਨ ਦੀ ਲੋੜ ਸੀ ਜਿਸ ਲਈ ਉਨ੍ਹਾਂ ਨੂੰ ਦੋ ਤਿਹਾਈ ਮੈਂਬਰ ਭਾਵ 42 ਚਾਹੀਦੇ ਸਨ ਜਦ ਕਿ ਉਸ ਨੂੰ ਇਕ ਤਿਹਾਈ ਭਾਵ ਇੱਕੀ ਮੈਂਬਰਾਂ ਦੀ ਲੋੜ ਸੀ ਜਦਕਿ ਉਸ ਕੋਲ ਪੱਚੀ ਮੈਂਬਰ ਮੌਜੂਦ ਹਨ।

Leave a Reply

Your email address will not be published. Required fields are marked *