ਪੰਜਾਬ ’ਚ ਕੋਵਿਡ ਦੇ ਵੱਡੀ ਗਿਣਤੀ ਮਰੀਜ਼ਾਂ ਨੂੰ ਮਿਲੀ ਛੁੱਟੀ

ਚੰਡੀਗੜ੍ਹ : ਪੰਜਾਬ ਵਿਚ ਅੱਜ ਤਿੰਨ ਕੁ ਹਫਤਿਆਂ ਤੋਂ ਬਾਅਦ ਕਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਜਦ ਵੱਡੀ ਗਿਣਤੀ ਪ੍ਰਭਾਵਿਤ ਵਿਅਕਤੀਆਂ ਨੇ ਵਾਇਰਸ ’ਤੇ ਫਤਿਹ ਪਾਉਂਦਿਆਂ ਹਸਪਤਾਲਾਂ ਅਤੇ ਇਕਾਂਤ ਕੇਂਦਰਾਂ ਤੋਂ ਘਰਾਂ ਨੂੰ ਕੂਚ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ 14 ਨਵੇਂ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 1946 ਮਾਮਲੇ ਉਜਾਗਰ ਹੋ ਚੁੱਕੇ ਹਨ। ਸਿਹਤ ਵਿਭਾਗ ਨੇ ਨਾਲ ਹੀ ਇਹ ਵੀ ਖੁਲਾਸਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ 952 ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 657 ਵਿਅਕਤੀ ਹੀ ਇਲਾਜ ਅਧੀਨ ਹਨ ਤੇ ਕੁੱਲ 1257 ਵਿਅਕਤੀ ਹੁਣ ਤੱਕ ਕਰੋਨਾਵਾਇਰਸ ਤੋਂ ਨਿਜਾਤ ਪਾ ਚੁੱਕੇ ਹਨ।
ਬਰਨਾਲਾ ਅਤੇ ਫਿਰੋਜ਼ਪੁਰ ਦੋ ਅਜਿਹੇ ਜ਼ਿਲ੍ਹੇ ਹਨ ਜਿੱਥੇ ਇਸ ਸਮੇਂ ਕੋਈ ਵੀ ਮਰੀਜ਼ ਇਲਾਜ ਅਧੀਨ ਨਹੀਂ ਹੈ। ਬਰਨਾਲਾ ’ਚੋਂ ਸਾਰੇ 19, ਫਿਰੋਜ਼ਪੁਰ ਦੇ 40 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੰਮ੍ਰਿਤਸਰ, ਜਿੱਥੇ ਮਰੀਜ਼ਾਂ ਦਾ ਅੰਕੜਾ ਤਿੰਨ ਸੌ ਦੇ ਕਰੀਬ ਪਹੁੰਚ ਗਿਆ ਸੀ, ਉਥੇ ਹੁਣ ਮਹਿਜ਼ 2 ਮਰੀਜ਼ ਹੀ ਰਹਿ ਗਏ ਹਨ। ਮੋਗਾ ’ਚ 1, ਹੁਸ਼ਿਆਰਪੁਰ ’ਚ 3, ਮੁਹਾਲੀ ਵਿੱਚ 4 ਅਤੇ ਗੁਰਦਾਸਪੁਰ ਵਿੱਚ ਵੀ 5 ਹੀ ਮਰੀਜ਼ ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ’ਚ 3, ਕਪੂਰਥਲਾ ਵਿੱਚ 5, ਰੋਪੜ ਵਿੱਚ 1, ਫਰੀਦਕੋਟ ਵਿੱਚ 3 ਅਤੇ ਜਲੰਧਰ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਜ਼ੂਰ ਸਾਹਿਬ ਤੋਂ ਆਏ ਮਰੀਜ਼ਾਂ ’ਚੋਂ ਹੀ ਵੱਡੀ ਗਿਣਤੀ ਦੇ ਨਤੀਜੇ ਪਾਜ਼ੇਟਿਵ ਆਉਣ ਤੇ ਜ਼ਾਹਿਰਾ ਤੌਰ ’ਤੇ ਕੋਈ ਲੱਛਣ ਨਾ ਹੋਣ ਕਾਰਨ ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ।
ਹਸਪਤਾਲਾਂ ਦੇ ਅਮਲੇ ਵੱਲੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਫੁੱਲ ਦੇ ਕੇ ਵਿਦਾ ਕੀਤਾ ਗਿਆ ਤੇ ਮਰੀਜ਼ਾਂ ਦੇ ਚਿਹਰਿਆਂ ’ਤੇ ਰੌਣਕਾਂ ਸਨ। ਅਧਿਕਾਰੀਆਂ ਦਾ ਦੱਸਣਾ ਹੈ ਕਿ ਆਉਂਦੇ ਕੁੱਝ ਦਿਨਾਂ ਤੱਕ ਹੋਰ ਮਰੀਜ਼ਾਂ ਨੂੰ ਵੀ ਛੁੱਟੀ ਦੇ ਦਿੱਤੀ ਜਾਵੇਗੀ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਤੋਂ ਵੱਧ ਹਫ਼ਤਿਆਂ ਦੌਰਾਨ ਸਾਰੇ ਪੰਜਾਬ ’ਚ ਹੀ ਵੱਡੀ ਗਿਣਤੀ ਮਰੀਜ਼ ਸਾਹਮਣੇ ਆਏ ਸਨ। ਖਾਸਕਰ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਲੁਧਿਆਣਾ, ਗੁਰਦਾਸਪੁਰ, ਨਵਾਂ ਸ਼ਹਿਰ, ਮੁਹਾਲੀ ਅਤੇ ਪਟਿਆਲਾ ਵਿੱਚ ਪੀੜਤ ਵਿਅਕਤੀਆਂ ਦੀ ਗਿਣਤੀ ਜ਼ਿਆਦਾ ਸਾਹਮਣੇ ਆਈ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਮਰੀਜ਼ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਅਤੇ ਹੋਰਨਾਂ ਸੂਬਿਆਂ ਤੋਂ ਆਏ ਕੰਬਾਈਨਾਂ ਦੇ ਡਰਾਈਵਰ ਅਤੇ ਹੋਰ ਕਾਮੇ ਸਨ।