ਹੁਣ ਚਢੂੰਨੀ ਨਾਲ ਮਿਲ ਕੇ ਚੋਣਾਂ ਲੜਣਗੇ ਰਾਜੇਵਾਲ

ਚੰਡੀਗੜ੍ਹ : ਇੱਥੇ ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਸੰਯੁਕਤ ਸਮਾਜ ਮੋਰਚੇ ਵੱਲੋਂ ਕਮੇਟੀਆਂ ਦਾ ਗਠਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ‘ਆਪ’ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੋਇਆ ਹੈ ਅਤੇ ਗੁਰਨਾਮ ਸਿੰਘ ਚਢੂਨੀ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਚਢੂਨੀ ਨਾਲ ਸਮਝੌਤੇ ਲਈ ਇਕ ਕਮੇਟੀ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਦੋ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਇਕ ਗੁਰਨਾਮ ਸਿੰਘ ਚਢੂਨੀ ਨਾਲ ਸਮਝੌਤੇ ਲਈ ਅਤੇ ਇਕ ਚੋਣ ਮੈਨਫ਼ੈਸਟੋ ਲਈ ਵੀ ਕਮੇਟੀ ਬਣਾਈ ਗਈ ਹੈ, ਜੋਕਿ ਰੱਲ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਕ-ਦੋ ਦਿਨਾਂ ’ਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਲੁਧਿਆਣਾ ’ਚ ਐੱਸ. ਐੱਸ. ਐੱਮ. ਦਾ ਹੈੱਡਕੁਆਰਟਰ ਹੋਵੇਗਾ। ਹਫ਼ਤੇ ’ਚ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਜਿਵੇਂ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ, ਉਵੇ ਹੀ ਕੰਪੇਨ ਦੀ ਮੁਹਿੰਮ ਚਲਾਈ ਜਾਵੇਗੀ। ਪੰਜਾਬ ਨੂੰ ਪਾਲੀਟਿਕਲ ਕਰੱਪਸ਼ਨ ਨੇ ਸਭ ਤੋਂ ਵੱਧ ਖਾਧਾ ਹੈ ਅਤੇ ਪੰਜਾਬ ਡੁੱਬਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸੇ ਲਈ ਹੀ ਚੋਣ ਮੈਦਾਨ ’ਚ ਨਿਤਰੇ ਹਾਂ ਤਾਂਕਿ ਪੰਜਾਬ ਨੂੰ ਬਚਾਇਆ ਜਾਵੇ। ਅਸੀਂ ਪਾਰਟੀ ਨੂੰ ਰਜਿਸਟਰਡ ਕੀਤਾ ਹੈ। ਇਥੇ ਦੱਸ ਦੇਈਏ ਕਿ ਪਿਛਲੇ ਦਿਨੀਂ ਹੀ 22 ਕਿਸਾਨ ਜਥੇਬੰਦੀਆਂ ਵੱਲੋਂ ਨਵੀਂ ਪਾਰਟੀ ਬਣਾ ਕੇ ਸੰਯੁਕਤ ਸਮਾਜ ਮੋਰਚਾ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ 117 ਸੀਟਾਂ ’ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਖੜ੍ਹਾ ਕਰੇਗੀ।

Leave a Reply

Your email address will not be published. Required fields are marked *