ਮੋਦੀ ਵੀ ਭਗਵਾਨ ਰਾਮ ਤੇ ਕ੍ਰਿਸ਼ਨ ਵਾਂਗ ਰੱਬ ਦਾ ਅਵਤਾਰ: ਭਾਜਪਾ ਆਗੂ

ਭੋਪਾਲ: ਮੱਧ ਪ੍ਰਦੇਸ਼ (ਐੱਮ.ਪੀ.) ਦੇ ਖੇਤੀ ਮੰਤਰੀ ਅਤੇ ਭਾਜਪਾ ਨੇਤਾ ਕਮਲ ਪਟੇਲ ਨੇ ਕਿਹਾ ਕਿ ਕਾਂਗਰਸ ਦੇ ਅੱਤਿਆਚਾਰ, ਭ੍ਰਿਸ਼ਟਾਚਾਰ ਅਤੇ ਦੇਸ਼ ਦੀ ਸੰਸਕ੍ਰਿਤੀ ਦੀ ਤਬਾਹੀ ਕਾਰਨ ਪੈਦਾ ਹੋਏ ਨਿਰਾਸ਼ਾ ਦੇ ਮਾਹੌਲ ਨੂੰ ਖਤਮ ਕਰਨ ਲਈ ਨਰਿੰਧਰ ਮੋਦੀ ਨੇ ਭਗਵਾਨ ਰਾਮ ਤੇ ਭਗਵਾਨ ਕ੍ਰਿਸ਼ਨ ਦੀ ਤਰ੍ਹਾਂ ਜਨਮ ਲਿਆ ਹੈ।
ਸੋਮਵਾਰ ਨੂੰ ਹਰਦਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਨੂੰ ਵਿਸ਼ਵ ਗੁਰੂ ਬਣਨ ਦੇ ਰਾਹ ‘ਤੇ ਲੈ ਕੇ ਜਾਣ, ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਅਤੇ ਲੋਕ ਭਲਾਈ ਨੂੰ ਯਕੀਨੀ ਬਣਾਉਣ ਵਰਗੇ ਜੋ ਕੰਮ ਪੂਰੇ ਕੀਤੇ ਗਏ ਹਨ, ਉਨ੍ਹਾਂ ਨੂੰ ਕਿਸੇ ਆਮ ਆਦਮੀ ਤੋਂ ਪੂਰਾ ਨਹੀਂ ਕੀਤਾ ਜਾ ਸਕਦਾ।
ਪਟੇਲ ਨੇ ਕਿਹਾ, ‘ਸਾਡੇ ਧਰਮ ਅਤੇ ਸੰਸਕ੍ਰਿਤੀ ‘ਚ ਕਿਹਾ ਗਿਆ ਹੈ ਕਿ ਜਦੋਂ ਵੀ ਭਾਰਤ ‘ਤੇ ਸੰਕਟ ਆਉਂਦਾ ਹੈ ਅਤੇ ਅੱਤਿਆਚਾਰ ਵਧਦੇ ਹਨ ਤਾਂ ਭਗਵਾਨ ਮਨੁੱਖ ਦੇ ਰੂਪ ‘ਚ ਅਵਤਾਰ ਧਾਰਦੇ ਹਨ। ਰਾਮ ਨੇ ਰਾਵਣ ਨੂੰ ਮਾਰ ਕੇ ਅਤੇ ਹੋਰ ਬੁਰਾਈਆਂ ਨੂੰ ਹਰਾ ਕੇ ‘ਰਾਮ ਰਾਜ’ ਦੀ ਸਥਾਪਨਾ ਕੀਤੀ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜਦੋਂ ਕੰਸ ਦੇ ਅੱਤਿਆਚਾਰ ਵਧੇ ਤਾਂ ਭਗਵਾਨ ਕ੍ਰਿਸ਼ਨ ਨੇ ਜਨਮ ਲੈ ਕੇ ਕੰਸ ਦੇ ਜ਼ੁਲਮਾਂ ਨੂੰ ਖਤਮ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ।
ਇਸੇ ਤਰ੍ਹਾਂ ਜਦੋਂ ਕਾਂਗਰਸ ਦੇ ਅੱਤਿਆਚਾਰ ਵਧੇ, ਭ੍ਰਿਸ਼ਟਾਚਾਰ ਵਧਿਆ, ਦੇਸ਼ ਦਾ ਸੱਭਿਆਚਾਰ ਤਬਾਹ ਹੋ ਗਿਆ ਅਤੇ ਚਾਰੇ ਪਾਸੇ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਸੀ, ਤਾਂ ਉਸ ਨੂੰ ਖਤਮ ਕਰਨ ਲਈ ਨਰਿੰਦਰ ਮੋਦੀ ਦਾ ਜਨਮ ਹੋਇਆ, ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ‘ਵਿਸ਼ਵ ਗੁਰੂ’ ਬਣ ਰਿਹਾ ਹੈ।