ਨਫ਼ਰਤ ਵਾਲੇ ਭਾਸ਼ਨ ਦੇ ਮਾਮਲੇ ’ਚ ਮੁਹੰਮਦ ਮੁਸਤਫ਼ਾ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ: ਪੰਜਾਬ ਪੁਲੀਸ ਨੇ ਕਥਿਤ ‘ਨਫ਼ਰਤ ਵਾਲੇ ਭਾਸ਼ਨ’ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ‘ਤੇ ਕੁਝ ਦਿਨ ਪਹਿਲਾਂ ਮਾਲੇਰਕੋਟਲਾ ‘ਚ ਨਫਰਤ ਭਰਿਆ ਭਾਸ਼ਨ ਦੇਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਭਾਈਚਾਰਿਆਂ ਵਿਚ ਨਫਰਤ ਪੈਦਾ ਕਰਨ ਦਾ ਕੇਸ ਹੈ ਅਤੇ ਪੁਲੀਸ ਨੇ ਉਨ੍ਹਾਂ ‘ਤੇ ਧਾਰਾ 153-ਏ ਲਗਾ ਦਿੱਤੀ ਹੈ।
ਕੇਸ ਥਾਣਾ ਸਿਟੀ ਮਾਲੇਰਕੋਟਲਾ ਦੇ ਇੰਸਪੈਕਟਰ ਕਰਮਵੀਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਦਰਜ ਕੇਸ ਦਾ ਜ਼ਿਕਰ ਨਹੀਂ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਵੀਡੀਓ ਦਾ ਨੋਟਿਸ ਲਿਆ ਹੈ ਅਤੇ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ।