ਬੀਟਿੰਗ ਰੀਟ੍ਰੀਟ ‘ਚੋਂ ਹਟਾਈ ਗਈ ਮੋਹਨਦਾਸ ਗਾਂਧੀ ਦੀ ਪਸੰਦੀਦਾ ਧੁੰਨ, ਇਸ ਵਾਰ ਗੂੰਜੇਗਾ ‘ਐ ਮੇਰੇ ਵਤਨ ਕੇ ਲੋਗੋ’

ਨਵੀਂ ਦਿੱਲੀ: ਇਸ ਸਾਲ ਦੇ ਬੀਟਿੰਗ ਰੀਟ੍ਰੀਟ ਸਮਾਗਮ ‘ਚ 29 ਜਨਵਰੀ ਨੂੰ ਫੌਜ ਦੇ ਬੈਂਡ ‘ਚ ਦੇਸ਼ ਭਗਤੀ ਦੇ ਗੀਤ ‘ਐ ਮੇਰੇ ਵਤਨ ਕੇ ਲੋਗੋ’ ਦੀ ਧੁੰਨ ਗੂੰਜੇਗੀ। ਲਤਾ ਮੰਗੇਸ਼ਕਰ ਨੇ 1962 ਦੀ ਭਾਰਤ-ਚੀਨ ਜੰਗ ਦੀਆਂ ਕੁਰਬਾਨੀਆਂ ਦੀ ਯਾਦ ਵਿਚ ਕਵੀ ਪ੍ਰਦੀਪ ਵੱਲੋਂ ਲਿਖੇ ਇਸ ਗੀਤ ਨੂੰ ਸੁਰਾਂ ‘ਚ ਪਿਰੋਇਆ ਹੈ। ਫੌਜ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਕੀਤੇ ਗਏ ਇਕ ਬ੍ਰੋਸ਼ਰ ਮੁਤਾਬਕ ਮੋਹਨਦਾਸ ਗਾਂਧੀ ਦੇ ਪਸੰਦੀਦਾ ਗੀਤਾਂ ‘ਚੋਂ ਇਕ ‘Abide with Me’ ਨੂੰ ਇਸ ਵਾਰ ਬੀਟਿੰਗ ਰੀਟ੍ਰੀਟ ਸੈਰੇਮਨੀ ‘ਚ ਨਹੀਂ ਰੱਖਿਆ ਗਿਆ ਹੈ। ਇਹ ਗੀਤ 1847 ਵਿਚ ਸਕਾਟਿਸ਼ ਕਵੀ ਅਤੇ ਗਾਇਕ ਹੈਨਰੀ ਫਰਾਂਸਿਸ ਲਾਈਟ ਵੱਲੋਂ ਲਿਖਿਆ ਗਿਆ ਸੀ। 2020 ‘ਚ ਵੀ ਬੀਟਿੰਗ ਰੀਟ੍ਰੀਟ ਸੈਰੇਮਨੀ ਤੋਂ ਗੀਤ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਹੰਗਾਮੇ ਤੋਂ ਬਾਅਦ ਇਸ ਨੂੰ ਮੁੜ ਸ਼ਾਮਲ ਕੀਤਾ ਗਿਆ ਸੀ। ਇਹ ਗੀਤ 1950 ਤੋਂ ਬੀਟਿੰਗ ਰੀਟ੍ਰੀਟ ‘ਚ ਵੱਜਦਾ ਆਇਆ ਸੀ।
ਵਿਜੈ ਚੌਕ ‘ਚ 26 ਧੁਨਾਂ ਵਜਾਈਆਂ ਜਾਣਗੀਆਂ
ਫੌਜ ਦੇ ਬ੍ਰੋਸ਼ਰ ਮੁਤਾਬਕ ਇਸ ਸਾਲ 29 ਜਨਵਰੀ ਨੂੰ ਵਿਜੇ ਚੌਕ ਵਿਖੇ ਬੀਟਿੰਗ ਰੀਟ੍ਰੀਟ ਸਮਾਗਮ ਦੌਰਾਨ 26 ਧੁਨਾਂ ਵਜਾਈਆਂ ਜਾਣਗੀਆਂ। ਇਨ੍ਹਾਂ ‘ਚ ‘ਏ ਮੇਰੇ ਵਤਨ ਕੇ ਲੋਗੋ’ ਦੇ ਨਾਲ-ਨਾਲ ‘ਹੇ ਕਾਂਚਾ’, ‘ਚੰਨਾ ਬਿਲੌਰੀ’, ‘ਜੈ ਜਨਮ ਭੂਮੀ’, ‘ਹਿੰਦ ਕੀ ਸੈਨਾ’ ਅਤੇ ‘ਕਦਮ ਕਦਮ ਬੜਾਏ ਜਾ’ ਵਰਗੇ ਗੀਤ ਸ਼ਾਮਲ ਸਨ। ਬੀਟਿੰਗ ਰੀਟ੍ਰੀਟ ਸਮਾਗਮ ‘ਚ 44 ਬਿਗਲ ਪਲੇਅਰ, 16 ਟਰੰਪ ਪਲੇਅਰ ਅਤੇ 75 ਡਰਮਰਜ਼ ਹਿੱਸਾ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਸਮਾਗਮ ਉਸ ਪਰੰਪਰਾ ਦਾ ਹਿੱਸਾ ਹੈ ਜਿਸ ਵਿੱਚ ਫੌਜ ਦੀ ਵਾਪਸੀ ‘ਤੇ ਬੈਂਡ ਧੁਨਾਂ ਵਜਾਈਆਂ ਜਾਂਦੀਆਂ ਹਨ।
ਕਾਂਗਰਸ ਦਾ ਵਿਰੋਧ
ਕਾਂਗਰਸ ਨੇ ‘ਅਬਾਈਡ ਵਿਦ ਮੀ’ ਗੀਤ ਨੂੰ ਸਮਾਗਮ ‘ਚੋਂ ਹਟਾਉਣ ਦਾ ਵਿਰੋਧ ਕੀਤਾ ਹੈ। ਕਾਂਗਰਸੀ ਆਗੂ ਅਜੈ ਕੁਮਾਰ ਨੇ ਟਵੀਟ ਕੀਤਾ, ‘ਨਯਾ ਭਾਰਤ, ਨਾ ਅਮਰ ਜਵਾਨ ਜੋਤੀ, ਨਾ ਹੀ ਬੀਟਿੰਗ ਰੀਟ੍ਰੀਟ ਦੌਰਾਨ ਅਬਾਈਡ ਵਿਦ ਮੀ।’ ਕਾਂਗਰਸ ਦੀ ਤਰਜਮਾਨ ਸ਼ਮਾ ਮੁਹੰਮਦ ਨੇ ਵੀ ਟਵੀਟ ਕਰ ਕੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਮੋਹਨਦਾਸ ਗਾਂਧੀ ਦੀ ਵਿਰਾਸਤ ਨੂੰ ਮਿਟਾਉਣ ਦੀ ਇਕ ਹੋਰ ਕੋਸ਼ਿਸ਼। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਵੀ ਸਰਕਾਰ ‘ਤੇ ਹਮਲਾ ਕਰਦੇ ਹੋਏ ਪੁੱਛਿਆ ਕਿ ਕੀ ‘ਨਿਊ ਇੰਡੀਆ’ ਨੂੰ ਮੁੜ ਲਿਖਣ ਲਈ ਅਨਮੋਲ ਪਰੰਪਰਾਵਾਂ ਨੂੰ ਛੱਡਣਾ ਜ਼ਰੂਰੀ ਹੈ।