ਪੰਜਾਬ ਤੋਂ ਇਲਾਵਾ ਯੂ.ਪੀ. ‘ਚ ਵੀ ਚਰਚਾ ਦਾ ਵਿਸ਼ਾ ਬਣੀ ਨਵਾਂਸ਼ਹਿਰ ਦੀ ਵਿਧਾਨ ਸਭਾ ਸੀਟ

ਨਵਾਂਸ਼ਹਿਰ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵਿਧਾਨ ਸਭਾ ਸੀਟ ਨਵਾਂਸ਼ਹਿਰ 1952 ਵਿਚ ਹੌਂਦ ਵਿਚ ਆਈ ਸੀ। 1952 ਤੋਂ ਲੈ ਕੇ ਹੁਣ ਤੱਕ ਹੋਈਆਂ 16 ਵਿਧਾਨਸਭਾ ਚੋਣਾਂ ਵਿਚ 18 ਵਿਧਾਇਕ ਚੁਣੇ ਗਏ। ਸਾਬਕਾ ਖੇਤੀਬਾੜੀ ਮੰਤਰੀ ਸ. ਦਿਲਬਾਗ ਸਿੰਘ ਹਲਕਾ ਨਵਾਂਸ਼ਹਿਰ ਤੋਂ ਸਭ ਤੋਂ ਲੰਬਾ ਸਮਾਂ ਵਿਧਾਇਕ ਰਹੇ। ਉਹ ਨਵਾਂਸ਼ਹਿਰ ਤੋਂ ਕੁੱਲ 6 ਵਾਰ ਵਿਧਾਇਕ ਚੁਣੇ ਗਏ ਜਦਕਿ ਅਕਾਲੀ ਦਲ ਦੇ ਜਤਿੰਦਰ ਸਿੰਘ ਕਰੀਹਾ ਤਿੰਨ ਵਾਰ ਵਿਧਾਇਕ ਚੁਣੇ ਗਏ।
ਸਾਬਕਾ ਖੇਤੀਬਾੜੀ ਮੰਤਰੀ ਦਿਲਬਾਗ ਸਿੰਘ ਦੀ ਮੌਤ ਤੋਂ ਬਾਅਦ 1997 ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਉਨ੍ਹਾਂ ਦੇ ਪੁੱਤਰ ਚਰਨਜੀਤ ਸਿੰਘ ਚੰਨੀ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵਿਧਾਇਕ ਬਣੇ। ਫਿਰ 2002 ਵਿਚ ਸਵ. ਸ. ਦਿਲਬਾਗ ਸਿੰਘ ਦੇ ਭਤੀਜੇ ਪ੍ਰਕਾਸ਼ ਸਿੰਘ ਵਿਧਾਇਕ ਬਣੇ। 2012 ਵਿਚ ਦਿਲਬਾਗ ਸਿੰਘ ਦੀ ਨੂੰਹ ਗੁਰਇਕਬਾਲ ਕੌਰ ਬਬਲੀ ਵਿਧਾਇਕ ਬਣੇ।
2017 ਵਿਚ ਦਿਲਬਾਗ ਸਿੰਘ ਦਾ ਪੋਤਾ ਅੰਗਦ ਸਿੰਘ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਚੁਣਿਆ ਗਿਆ। ਇਸ ਸਮੇਂ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀ ਸੀਟ ਪੰਜਾਬ ਦੇ ਇਲਾਵਾ ਯੂ. ਪੀ. ਵਿਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਈ ਹੈ।
ਰਾਏਬਰੇਲੀ ਸਦਰ ਤੋਂ ਵਿਧਾਇਕ ਅਦਿਤੀ ਸਿੰਘ ਨੇ ਹਾਲ ਹੀ ਵਿਚ ਭਾਜਪਾ ਜੁਆਇੰਨ ਕੀਤੀ ਹੈ। ਅਦਿਤੀ ਸਿੰਘ ਦੇ ਭਾਜਪਾ ਵਿਚ ਜਾਣ ਕਾਰਨ ਵਿਧਾਇਕ ਅੰਗਦ ਸਿੰਘ ਨੂੰ ਕਾਂਗਰਸ ਦੀ ਟਿਕਟ ਨੂੰ ਲੈ ਕੇ ਵੀ ਪੇਚ ਫਸਿਆ ਹੋਇਆ ਹੈ ਜਦਕਿ 2002 ਵਿਚ ਨਵਾਂਸ਼ਹਿਰ ਵਿਧਾਨਸਭਾ ਸੀਟ ਦੀ ਚੋਣ ਕਾਫ਼ੀ ਦਿਲਚਸਪ ਬਣ ਗਈ ਹੈ। ਅਕਾਲੀ ਦਲ ਵੱਲੋਂ ਇਹ ਸੀਟ ਗਠਬੰਧਨ ਬਸਪਾ ਲਈ ਛੱਡ ਦਿੱਤੀ ਗਈ ਹੈ। ਅਕਾਲੀ ਬਸਪਾ ਗਠਬੰਧਨ ਵੱਲੋ ਡਾ. ਨਛੱਤਰਪਾਲ ਅਤੇ ਸਵ. ਸ. ਦਿਲਬਾਗ ਸਿੰਘ ਪਰਿਵਾਰ ਦੇ ਮੌਜੂਦਾ ਵਿਧਾਇਕ ਅੰਗਦ ਸਿੰਘ ਕਾਂਗਰਸ ਵੱਲੋਂ ਚੋਣ ਲੜਨ ਦੀ ਉਮੀਦ ਹੈ। ਇਸ ਦੇ ਇਲਾਵਾ ਸੰਯੁਕਤ ਸਮਾਜ ਮੋਰਚਾ, ਭਾਜਪਾ ਅਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਵਿਕਾਸ ਪਾਰਟੀ ਦੇ ਉਮੀਦਵਾਰ ਖੜ੍ਹੇ ਹੋਣ ਨਾਲ ਬਹੁਕੋਨੀ ਮੁਕਾਬਲੇ ਨਾਲ ਚੋਣਾ ਦਿਲਚਸਪ ਬਣ ਗਿਆ ਹੈ।