ਹਜ਼ਾਰਾਂ ਲੋਕਾਂ ਵੱਲੋਂ ਜੌਰਜ ਫਲਾਇਡ ਨੂੰ ਸ਼ਰਧਾਂਜਲੀ

ਹਿਊਸਟਨ : ਸਿਆਹਫਾਮ ਜੌਰਜ ਫਲਾਇਡ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਇੱਕ ਚਰਚ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਕੱਠੇ ਹੋਏ। ਦੋ ਹਫ਼ਤੇ ਪਹਿਲਾਂ ਹੋਈ ਫਲਾਇਡ ਦੀ ਮੌਤ ਅਤੇ ਨਸਲੀ ਵਿਤਕਰੇ ਖ਼ਿਲਾਫ਼ ਅਮਰੀਕਾ ਤੇ ਹੋਰਨਾਂ ਮੁਲਕਾਂ ’ਚ ਰੋਸ ਮੁਜ਼ਾਹਰੇ ਅਜੇ ਵੀ ਜਾਰੀ ਹਨ।
ਹਿਊਸਟਨ ਦੇ ਰਹਿਣ ਵਾਲੇ 46 ਸਾਲਾ ਫਲਾਇਡ ਨੂੰ ਇੱਕ ਗੋਰੇ ਪੁਲੀਸ ਅਧਿਕਾਰੀ ਨੇ ਹੱਥਕੜੀ ਲਗਾ ਕੇ ਜ਼ਮੀਨ ’ਤੇ ਸੁੱਟ ਦਿੱਤਾ ਸੀ ਤੇ ਉਸ ਦੇ ਗਲੇ ਨੂੰ ਆਪਣੇ ਗੋਡੇ ਨਾਲ ਉਨੀ ਦੇਰ ਤੱਕ ਨੱਪੀ ਰੱਖਿਆ ਜਦ ਤੱਕ ਉਸ ਦੀ ਮੌਤ ਨਾ ਹੋ ਗਈ। ਇਸ ਘਟਨਾ ਤੋਂ ਰੋਹ ’ਚ ਆਏ ਅਮਰੀਕੀਆਂ ਵੱਲੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਫਲਾਇਡ ਦੀ ਦੇਹ ਸ਼ਨਿਚਰਵਾਰ ਨੂੰ ਹਿਊਸਟਨ ਲਿਆਂਦੀ ਗਈ ਤੇ ਆਖਰੀ ਦਰਸ਼ਨਾਂ ਲਈ ਦੁਪਹਿਰ ਤੋਂ ਸ਼ਾਮ ਛੇ ਵਜੇ ਤੱਕ ਛੇ ਘੰਟਿਆਂ ਲਈ ਰੱਖੀ ਗਈ। ਉਸ ਦੇ ਆਖਰੀ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਮਾਸਕ ਦੇ ਦਸਤਾਨੇ ਪਾਈ ਤਿੱਖੀ ਧੁੱਪ ’ਚ ਕਤਾਰਾਂ ’ਚ ਖੜ੍ਹੇ ਰਹੇ। ਲੋਕਾਂ ਨੇ ਫਲਾਇਡ ਦੇ ਤਾਬੂਤ ਸਾਹਮਣੇ ਖੜ੍ਹੇ ਹੋ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। 30 ਸਾਲਾ ਜੈਸਿਕਾ ਮੌਂਡਰਾਗਨ ਤੇ 38 ਸਾਲਾ ਰਿਕਾਰਡੋ ਮੌਂਡਰਾਗਨ ਨੇ ਕਿਹਾ ਕਿ ਉਹ ਆਪਣੇ ਛੇ ਸਾਲਾ ਬੱਚੇ ਨਾਲ ਫਲਾਇਡ ਦੇ ਆਖਰੀ ਦਰਸ਼ਨਾਂ ਲਈ ਆਸਟਿਨ ਤੋਂ ਹਿਊਸਟਨ ਆਏ ਹਨ। ਇਸੇ ਤਰ੍ਹਾਂ 38 ਸਾਲਾ ਲਾਰਾ ਪੇਨਾ ਬਰਾਊਨਜ਼ਵਿਲੇ ਤੋਂ ਛੇ ਘੰਟੇ ਕਾਰ ਚਲਾ ਕੇ ਹਿਊਸਟਨ ਪਹੁੰਚੀ। ਉਨ੍ਹਾਂ ਕਿਹਾ ਕਿ ਇਸ ਸਮੇਂ ਲਾਤੀਨੀ ਭਾਈਚਾਰੇ ਲਈ ਸਿਆਹਫਾਮ ਭਾਈਚਾਰੇ ਨੂੰ ਹਮਾਇਤ ਦੇਣੀ ਬਹੁਤ ਜ਼ਰੂਰੀ ਹੈ। ਸਾਬਕਾ ਪੇਸ਼ੇਵਰ ਬਾਕਸਰ ਫਲਾਇਡ ਮੇਅਵੇਦਰ ਨੇ ਜੌਰਸ ਫਲਾਇਡ ਦੀਆਂ ਅੰਤਿਮ ਰਸਮਾਂ ਦਾ ਸਾਰਾ ਖਰਚਾ ਚੁੱਕਿਆ ਹੈ।