ਨਿਹੰਗ ਸਿੰਘਾਂ ਨੇ ਭਗਵੰਤ ਮਾਨ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਤਲਵੰਡੀ ਸਾਬੋ: ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ ਦੇ ਮਸਲੇ ਨੂੰ ਲੈ ਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਖ਼ਿਲਾਫ਼ ਅੱਜ ਆਪ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਦੇ ਰੋਡ ਸ਼ੋਅ ਮੌਕੇ ਇੱਥੇ ਕੁੱਝ ਨਿਹੰਗ ਸਿੰਘਾਂ ਨੇ ਰੋਸ ਮਾਰਚ ਕੱਢਦਿਆਂ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਿਸ ਕਰਕੇ ਸਥਿਤੀ ਕਾਫੀ ਤਣਾਅ ਵਾਲੀ ਬਣੀ ਰਹੀ। ਦੱਸਣਯੋਗ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਸਿੰਘ ਮਾਨ ਨੇ ਰੋਡ ਸ਼ੋਅ ਕਰਦਿਆਂ ਸਥਾਨਕ ਖੰਡਾ ਚੌਂਕ ਵਿੱਚੋਂ ਦੀ ਲੰਘਣਾ ਸੀ ਜਿਸ ਨੂੰ ਲੈ ਕੇ ਭਾਈ ਜ਼ਬਰਜੰਗ ਸਿੰਘ ਮੰਗੂਮੱਠ, ਭਾਈ ਸਰਬਜੀਤ ਸਿੰਘ, ਜਥੇਦਾਰ ਅੰਗਰੇਜ਼ ਸਿੰਘ, ਜਥੇਦਾਰ ਹਰਦੀਪ ਸਿੰਘ ਮਾਹੀਨੰਗਲ, ਬਾਬਾ ਤਾਰੀ ਸਿੰਘ, ਮਨਦੀਪ ਸਿੰਘ ਨਥੇਹਾ ਆਦਿ ਨਿਹੰਗ ਸਿੰਘਾਂ ਨੇ ਕਾਲੀਆਂ ਝੰਡੀਆਂ ਲੈ ਕੇ ਥਾਣਾ ਚੌਂਕ ਤੋਂ ਖੰਡਾ ਚੌਂਕ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਪਰ ਖੰਡਾ ਚੌਂਕ ਪੁੱਜਣ ਤੋਂ ਪਹਿਲਾਂ ਡੀਐੱਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਸਾਹੀਵਾਲ ਦੀ ਅਗਵਾਈ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਰੋਕ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਏ ਗੇਟ ਕੋਲ ਬੈਠਾ ਦਿੱਤਾ ਤਾਂ ਕਿ ਉਹ ਭਗਵੰਤ ਮਾਨ ਦੇ ਕਾਫ਼ਲੇ ਤੱਕ ਨਾ ਪਹੁੰਚ ਸਕਣ। ਇਸ ਦੇ ਬਾਵਜੂਦ ਜਦੋਂ ਭਗਵੰਤ ਮਾਨ ਖੰਡਾ ਚੌਂਕ ਪੁੱਜੇ ਤਾਂ ਭਾਈ ਜ਼ਬਰਜੰਗ ਸਿੰਘ ਦੀ ਅਗਵਾਈ ਵਿੱਚ ਕੁਝ ਸਿੰਘ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਿੱਚ ਕਾਮਯਾਬ ਹੋ ਗਏ। ਨਿਹੰਗ ਸਿੰਘਾਂ ਨੇ ਕਿਹਾ ਕਿ ਭਗਵੰਤ ਮਾਨ ਨਾਲ ਉਨ੍ਹਾਂ ਦਾ ਕੋਈ ਨਿੱਜੀ ਵਿਰੋਧ ਨਹੀਂ ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਮੁੱਖ ਤੌਰ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਅੜਿੱਕਾ ਬਣੀ ਹੋਈ ਹੈ ਅਤੇ ਭਗਵੰਤ ਮਾਨ ਇਸ ਮਸਲੇ ’ਤੇ ਬਿੱਲਕੁਲ ਚੁੱਪ ਹਨ।

Leave a Reply

Your email address will not be published. Required fields are marked *