ਲਖੀਮਪੁਰ ਹਿੰਸਾ: ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ

ਨਵੀਂ ਦਿੱਲੀ: ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਵੱਲੋ ਮਿਲੀ ਜ਼ਮਾਨਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਵੀਰਵਾਰ ਨੂੰ ਪਟੀਸ਼ਨ ਦਾਇਰ ਕਰ ਕੇ ਇਸ ਜ਼ਮਾਨਤ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਬੀਤੇ ਸਾਲ 3 ਅਕਤੂਬਰ ਨੂੰ ਵਾਪਰੀ ਲਖੀਮਪੁਰ ਖੀਰੀ ਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਚਾਰ ਕਿਸਾਨ ਸ਼ਾਮਲ ਸਨ। ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ 10 ਫਰਵਰੀ ਨੂੰ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਸੀ ਤੇ ਪਟੀਸ਼ਨਕਰਤਾ ਐਡਵੋਕੇਟ ਸ਼ਿਵ ਕੁਮਾਰ ਤ੍ਰਿਪਾਠੀ ਤੇ ਸੀਐੱਸ ਪਾਂਡਾ ਨੇ ਇਸ ਜ਼ਮਾਨਤ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਹ ਕਾਨੂੰਨ ਦੇ ਲਿਹਾਜ ਨਾਲ ਟਿਕਾਊ ਨਹੀਂ ਹੈ ਕਿਉਂਕਿ ਜੱਜ ਨੇ ਇਸ ’ਤੇ ਠੀਕ ਤਰ੍ਹਾਂ ਨਾਲ ਵਿਚਾਰ ਨਹੀਂ ਕੀਤਾ। ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ‘ਹੋ ਸਕਦਾ ਹੈ’ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਤੇ ਕਿਹਾ ਹੈ ਕਿ ਉਪਰੋਕਤ (ਲਖੀਮਪੁਰ ਖੀਰੀ) ਘਟਨਾ ਚਾਲਕ ਵੱਲੋਂ ਖੁਦ ਨੂੰ ਬਚਾਉਣ ਲਈ ਵਾਹਨ ਦੀ ਗਤੀ ਤੇਜ਼ ਕਰਨ ਨਾਲ ਵਾਪਰੀ ਹੋ ਸਕਦੀ ਹੈ।