ਅਮਰੀਕਾ: ਲੰਗਰ ਲਾਊਣ ਲਈ ਸਿੱਖਾਂ ਦੀ ਸ਼ਲਾਘਾ

ਅੰਮ੍ਰਿਤਸਰ : ਅਮਰੀਕਾ ਵਿਚ ਕਰੋਨਾ ਸੰਕਟ ਦੌਰਾਨ ਗੁਰਦੁਆਰਿਆਂ ’ਚੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਨਾਲ ਸਿੱਖ ਭਾਈਚਾਰੇ ਦੀ ਨਾ ਸਿਰਫ਼ ਪਛਾਣ ਵਿਚ ਵਾਧਾ ਹੋਇਆ ਹੈ ਸਗੋਂ ਵੱਡੇ ਪੱਧਰ ਉਤੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਵੀ ਹੋ ਰਹੀ ਹੈ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵੱਖ ਵੱਖ ਗੁਰਦੁਆਰਿਆਂ ਵਿਚ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਪੈਕੇਟ ਵੰਡੇ ਗਏ ਹਨ ਤੇ ਸੇਵਾ ਅਜੇ ਵੀ ਜਾਰੀ ਹੈ। ਹੁਣ ਅਮਰੀਕਾ ਵਿਚ ਨਸਲੀ ਨਫ਼ਰਤ ਖ਼ਿਲਾਫ਼ ਹੋ ਰਹੇ ਰੋਸ ਵਿਖਾਵਿਆਂ (ਬਲੈਕ ਲਾਈਵਜ਼ ਮੈਟਰ) ਦੌਰਾਨ ਵੀ ਸਿੱਖ ਭਾਈਚਾਰਾ ਲੰਗਰ ਵੰਡ ਰਿਹਾ ਹੈ। ਭਾਈਚਾਰੇ ਦੀ ਇਸ ਸੇਵਾ ਨੂੰ ਅਮਰੀਕਾ ਦੇ ਮੀਡੀਆ ਵਿਚ ਵੱਡੇ ਪੱਧਰ ’ਤੇ ਸਲਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਅਖਬਾਰ ‘ਨਿਊਯਾਰਕ ਟਾਈਮਜ਼’ ਵਲੋਂ ਇਸ ਬਾਰੇ ਇਕ ਵੱਡਾ ਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਸਿੱਖ ਹਲਕਿਆਂ ਵਿਚ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਭਾਈਚਾਰੇ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵਲੋਂ ਰੋਜ਼ਾਨਾ ਸ਼ਾਕਾਹਾਰੀ ਲੰਗਰ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ। ਲੰਗਰ ਵਿਚ ਰਾਜਮਾਹ, ਚੌਲ, ਮਟਰ, ਪਨੀਰ, ਦਾਲ, ਖੀਰ, ਪਿੱਜ਼ਾ, ਬਰਗਰ, ਪਾਸਤਾ, ਪਾਣੀ ਤੇ ਸੋਢਾ ਵਰਤਾਇਆ ਜਾ ਰਿਹਾ ਹੈ। ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਅਜਿਹੇ ਲੰਗਰ ਰੂਪੀ ਭੋਜਨ ਦੇ ਪੈਕੇਟ ਵੰਡੇ ਜਾ ਚੁੱਕੇ ਹਨ ਤੇ ਹਰੇਕ ਧਰਮ, ਫ਼ਿਰਕੇ, ਨਸਲ ਦੇ ਵਿਅਕਤੀ ਨੂੰ ਇਹ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਖ਼ੁਦ ਵੀ ਲੰਗਰ ਲੈਣ ਲਈ ਪਹੁੰਚ ਕਰ ਰਹੇ ਹਨ। ਜਿਹੜੇ ਲੋਕ ਨਹੀਂ ਪਹੁੰਚ ਸਕਦੇ, ਉਨ੍ਹਾਂ ਤੱਕ ਗੁਰਦੁਆਰਾ ਕਮੇਟੀਆਂ ਵਲੋਂ ਲੰਗਰ ਪਹੁੰਚਾਇਆ ਜਾ ਰਿਹਾ ਹੈ।
ਤੜਕੇ ਚਾਰ ਵਜੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਲੰਗਰ ਲਈ ਤਿਆਰੀ
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਿਆਂ ਵਿਚ ਸਵੇਰੇ ਚਾਰ ਵਜੇ ਸੇਵਾਦਾਰਾਂ ਵਲੋਂ ਲੰਗਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਸੇਵਾਦਾਰ ਦਸਤਾਨੇ ਅਤੇ ਮਾਸਕ ਦੀ ਵਰਤੋਂ ਕਰਦਿਆਂ ਸੈਨੇਟਾਈਜੇਸ਼ਨ ਦਾ ਵੀ ਖ਼ਾਸ ਖਿਆਲ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕੈਲੀਫੋਰਨੀਆ, ਨਿਊਯਾਰਕ, ਅਟਲਾਂਟਾ, ਲਾਸ ਏਂਜਲਸ, ਸਿਆਟਲ, ਐਸਪਾਨਲ, ਵਾਸ਼ਿੰਗਟਨ, ਮਿਸ਼ੀਗਨ, ਫਲੋਰਿਡਾ ਆਦਿ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਲੰਗਰ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ।