ਲੱਖਾਂ ਸੰਗਤਾਂ ਵੱਲੋਂ ਦੀਪ ਸਿੱਧੂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਦੀਵਾਨ ਟੋਡਰ ਮੱਲ ਹਾਲ ’ਚ ਜੁੜੀ ਸੰਗਤ

ਵੱਡੀ ਗਿਣਤੀ ਵਿੱਚ ਕੇਸਰੀ ਦਸਤਾਰਾਂ ਸਜਾ ਕੇੇ ਤੇ ਨਿਸ਼ਾਨ ਸਾਹਿਬ ਲੈ ਕੇ ਪਹੁੰਚੇ ਨੌਜਵਾਨ

ਫ਼ਤਹਿਗੜ੍ਹ ਸਾਹਿਬ (ਪਰਦੀਪ ਸਿੰਘ ਢਿੱਲੋਂ): ਸਿੱਖ ਜਵਾਨੀ ਵਿੱਚ ਰਾਜਸੀ ਚੇਤਨਾ ਜਗਾਉਣ ਵਾਲੇ ਪੰਜਾਬ ਦੇ ਨਾਇਕ ਬਣ ਚੁੱਕੇ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਨੂੰ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਪੰਜਾਬ ਅਤੇ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਪਹੁੰਚੇ ਲੋਕਾਂ ਨੇ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਦਿੱਤੀਆਂ।  ਵਿਸ਼ਾਲ ਇਕੱਠ ਦੀ ਸਮਰਥਾ ਵਾਲਾ ਦੀਵਾਨ ਟੋਡਰ ਮੱਲ ਹਾਲ ਅਤੇ ਇਸਦੇ ਉਪਰਲੀਆਂ ਗੈਲਰੀਆਂ ਸੰਗਤ ਨਾਲ ਨੱਕ-ਨੱਕ ਭਰ ਗਈਆਂ। ਦੀਵਾਨ ਹਾਲ ਦੇ ਸਾਹਮਣੇ ਵਿਹੜੇ ਵਿੱਚ ਅਤੇ ਸਾਹਮਣੀ ਸੜਕ ਤੱਕ ਖੜ੍ਹਣ ਲਈ ਵੀ ਥਾਂ ਮੌਜੂਦ ਨਹੀਂ ਸੀ। ਇਸੇ ਕਾਰਨ ਕਈ ਆਗੂ ਜਿਨ੍ਹਾਂ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹਨ ਸਰਧਾਂਜ਼ਲੀ ਭੇਂਟ ਕਰਨ ਦੀਵਾਨ ਹਾਲ ਦੇ ਅੰਦਰ ਦਾਖ਼ਲ ਨਾ ਹੋ ਸਕੇ। ਦੀਵਾਨ ਹਾਲ ਦੇ ਅੰਦਰ ਤੇ ਬਾਹਰ ਵੱਡੀਆਂ ਸਕਰੀਨਾ ਲਗਾਈਆਂ ਗਈਆਂ ਸਨ ਤਾਂ ਜੋ ਸੰਗਤ ਨੂੰ ਸਟੇਜ ਦੀ ਕਾਰਵਾਈ ਦੇਖਣ ¤ਚ ਆਸਾਨੀ ਰਹੇ।

ਦੀਵਾਨ ਟੋਡਰ ਮੱਲ ਹਾਲ ਦੇ ਬਾਹਰ ਵੀ ਵੱਡੀ ਤਾਦਾਦ ’ਚ ਸੰਗਤ ਮੌਜ਼ੂਦ ਸੀ

ਸਰਧਾਂਜ਼ਲੀ ਸਮਾਗਮ ਵਿੱਚ ਵੱਡੀ ਗਿਣਤੀ ’ਚ ਕੇਸਰੀ ਦਸਤਾਰਾਂ ਸਜਾ ਕੇ ਪਹੁੰਚੇ ਨੌਜਵਾਨਾਂ ਨੇ ਦੀਪ ਸਿੱਧੂ ਦੀਆਂ ਤਸਵੀਰਾਂ ਵਾਲੇ ਪੋਸਟਰ ਅਤੇ ਖਾਲਸਾਈ ਝੰਡੇ ਹੱਥਾਂ ਵਿੱਚ ਫੜੇ ਹੋਏ ਸਨ। ਇਹ ਨੌਜਵਾਨ ਸਰਧਾਂਜ਼ਲੀ ਸਮਾਗਮ ਵਾਲੇ ਸਥਾਨ ’ਤੇ ਅਤੇ ਸੜਕਾਂ ’ਤੇ ‘ਦੀਪ ਸਿੱਧੂ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ, ‘ਦੀਪ ਸਿੱਧੂ ਜ਼ਿੰਦਾਬਾਦ’, ’ਦੀਪ ਸਿੱਧੂ ਅਮਰ ਰਹੇ’,  ‘ਰਾਜ ਕਰੇਗਾ ਖ਼ਾਲਸਾ’ ਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ।  ਉਨ੍ਹਾਂ ਦੀਆਂ ਕਾਰਾਂ ਅਤੇ ਮੋਟਰ ਸਾਈਕਲਾਂ ’ਤੇ ਵੀ ਦੀਪ ਸਿੱਧੂ ਦੀਆਂ ਤਸਵੀਰਾਂ ਵਾਲੇ ਪੋਸਟਰ ਲੱਗੇ ਹੋਏ ਸਨ।  ਦੀਵਾਨ ਹਾਲ ਵਿੱਚ ਸਟੇਜ ’ਤੇ ਬਿਰਾਜ਼ਮਾਨ ਆਗੂ ‘ਮਰਿਯਾਦਾ’ ਦੇ ਨਾਮ ਹੇਠ ਨੌਜਵਾਨਾਂ ਨੂੰ ਨਾਅਰੇ ਮਾਰਨ ਤੋਂ ਰੋਕਦੇ ਰਹੇ। ਦੀਵਾਨ ਹਾਲ ਨੇੜਲੀਆਂ ਸੜ੍ਹਕਾਂ ’ਤੇ ਦੀਪ ਸਿੱਧੂ ਦੀਆਂ ਤਸਵੀਰਾਂ ਵਾਲੇ ਵੱਡੇ ਫਲੈਕਸ ਲਗਾਏ ਗਏ ਸਨ ਜਿਨ੍ਹਾਂ ’ਤੇ ਦੀਪ ਸਿੱਧੂ ਦੀਆਂ ਭਾਵੁਕ ਤਕਰੀਰਾਂ ਦੇ ਬੋਲ ਵੀ ਉਕਰੇ ਹੋਏ ਸਨ। ਕਈ ਫਲੈਕਸਾਂ ਅਤੇ ਬੋਰਡਾਂ ’ਤੇ ਦੀਪ ਸਿੱਧੂ ਦੀ ਭੇਦਭਰੀ ਮੌਤ ਨੂੰ ਸਾਜ਼ਿਸ਼ ਦੱਸਿਆ ਗਿਆ ਸੀ। ਦੂਰ-ਦੁਰਾਡਿਉਂ ਆਈ ਸੰਗਤ ਲਈ ਸਿੱਖ ਸੰਸਥਾਵਾਂ ਵੱਲੋਂ ਥਾਂ-ਥਾਂ ’ਤੇ ਚਾਹ ਅਤੇ ਪ੍ਰਸ਼ਾਦੇ ਦੇ ਲੰਗਰ ਵੀ ਲਗਾਏ ਗਏ ਸਨ। ਪਾਣੀ ਦੀਆਂ ਬੋਤਲਾਂ ਦਾ ਵੱਡੇ ਪੱਧਰ ’ਤੇ ਪ੍ਰਬੰਧ ਸੀ।

ਦੀਵਾਨ ਹਾਲ ਦੇ ਸਾਹਮਣੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ਸੀ। ਇਸ ਮੌਕੇ ਸੰਗਤਾਂ ਦੇ ਵਾਹਨਾਂ ਨਾਲ ਪਾਰਕਿੰਗਾਂ ਵੀ ਪੂਰੀ ਤਰ੍ਹਾਂ ਭਰ ਗਈਆਂ। ਪੁਲਿਸ ਨੇ ਕੱਲ੍ਹ ਤੋਂ ਹੀ ਇਸ ਸਥਾਨ ’ਤੇ ‘ਸੁਰੱਖਿਆ’ ਪ੍ਰਬੰਧਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਸੀ।  ਇੰਨੇ ਵੱਡੇ ਇਕੱਠ ਨਾਲ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਸਰਧਾਂਜ਼ਲੀ ਸਮਾਗਮ ਹੋ ਨਿਬੜਿਆ।

Leave a Reply

Your email address will not be published. Required fields are marked *