ਡਾਕਘਰ ਦੇ ਏਜੰਟਾਂ ਕੋਲ ਪੈਸੇ ਜਮ੍ਹਾ ਕਰਾਉਣ ਵਾਲੇ ਹੋ ਜਾਓ ਸਾਵਧਾਨ

ਰੋਪੜ: ਇਸ ਮਹਿੰਗਾਈ ਦੇ ਯੁੱਗ ਵਿਚ ਆਮ ਅਤੇ ਗ਼ਰੀਬ ਲੋਕ ਆਪਣੇ ਬੱਚਿਆਂ ਦੇ ਭਵਿੱਖ ਲਈ ਪਾਈ ਪਾਈ ਜੋੜ ਕੇ ਛੋਟੀਆਂ ਬੱਚਤਾਂ ਵਿੱਚ ਲਗਾਉਂਦੇ ਹਨ ਪਰ ਜਦੋਂ ਇਨ੍ਹਾਂ ਗ਼ਰੀਬ ਅਤੇ ਦਿਹਾੜੀ ਦਰ ਲੋਕਾਂ ਨੂੰ ਪਤਾ ਚੱਲੇ ਕਿ ਜਿਸ ਸਰਕਾਰੀ ਅਦਾਰੇ ਦੇ ਵਿਚ ਉਹ ਆਪਣੇ ਖ਼ੂਨ ਪਸੀਨੇ ਦੀ ਕਮਾਈ ਲਗਾ ਰਹੇ ਸੀ ਉਹ ਏਜੰਟ ਹੀ ਹੜੱਪ ਗਏ ਤਾਂ ਉਨ੍ਹਾਂ ਦੇ ਦਿਲ ‘ਤੇ ਕੀ ਬੀਤੇਗੀ? ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਰੂਪਨਗਰ ਤੋਂ ਸਾਹਮਣੇ ਆਈਆਂ ਹਨ, ਜਿੱਥੇ ਰੂਪਨਗਰ ਦੇ ਡਾਕਘਰ ਦੇ ਸੈਂਕੜੇ ਖਾਤਾ ਧਾਰਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਡਾਕਘਰ ਦੀ ਇਕ ਮਹਿਲਾ ਏਜੰਟ ਦੇ ਉੱਤੇ ਕਰੋੜਾਂ ਰੁਪਏ ਗਬਨ ਕਰਨ ਦੇ ਦੋਸ਼ ਲਗਾਏ ਹਨ।

ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸੈਂਕੜੇ ਗ਼ਰੀਬ ਦਿਹਾੜੀਦਾਰ ਅਤੇ ਆਮ ਵਰਗ ਦੇ ਲੋਕ ਕਈ ਸਾਲਾਂ ਤੋਂ ਆਪਣੀ ਖ਼ੂਨ ਪਸੀਨੇ ਦੀ ਕਮਾਈ ਵਿੱਚੋਂ ਪਾਈ-ਪਾਈ ਜੋੜ ਕੇ ਰੂਪਨਗਰ ਡਾਕਘਰ ਦੀ ਇਕ ਮਹਿਲਾ ਏਜੰਟ ਦੇ ਕੋਲ ਜਮ੍ਹਾ ਕਰਵਾਉਂਦੇ ਆ ਰਹੇ ਸਨ ਪਰ ਜਦੋਂ ਕੁਝ ਦਿਨ ਪਹਿਲਾਂ ਲੋਕਾਂ ਨੂੰ ਪਤਾ ਚੱਲਿਆ ਕਿ ਡਾਕਘਰ ਦੇ ਵਿਚ ਉਨ੍ਹਾਂ ਦੇ ਪੈਸੇ ਜਮ੍ਹਾ ਨਹੀਂ ਹੋ ਰਹੇ ਤਾਂ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਜਿਸ ਤੋਂ ਬਾਅਦ ਸੈਂਕੜੇ ਦੀ ਗਿਣਤੀ ਵਿੱਚ ਲੋਕ ਡਾਕਘਰ ਵਿੱਚ ਇਕੱਠੇ ਹੋ ਗਏ ਪਰ ਡਾਕਘਰ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਜੋ ਡਾਕਘਰ ਦੇ ਰਿਕਾਰਡ ਵਿੱਚ ਰਕਮ ਜਮ੍ਹਾ ਉਹ ਹੀ ਲੋਕਾਂ ਨੂੰ ਮਿਲੇਗੀ, ਜੋ ਪੈਸੇ ਲੋਕਾਂ ਨੇ ਏਜੰਟ ਦੇ ਕੋਲ ਜਮ੍ਹਾ ਕਰਵਾਏ ਹਨ, ਉਸ ਦੀ ਜ਼ਿੰਮੇਵਾਰੀ ਡਾਕਘਰ ਦੀ ਨਹੀਂ ਹੈ। ਜਿਸ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋਏ ਸੈਂਕੜੇ ਲੋਕ ਪੁਲਸ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਲੈ ਕੇ ਪਹੁੰਚੇ ਅਤੇ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਰੱਖੀ।

ਦੂਜੇ ਪਾਸੇ ਡਾਕਘਰ ਦੀ ਏਜੰਟ ਹਰਜੀਤ ਕੌਰ ਦੇ ਪਤੀ ਦਲੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਕੋਈ ਧੋਖਾਧੜੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਕੁਝ ਸਮੱਸਿਆਵਾਂ ਕਾਰਨ ਉਹ ਲੋਕਾਂ ਦੀ ਰਕਮ ਡਾਕਘਰ ਵਿੱਚ ਜਮ੍ਹਾ ਨਹੀਂ ਕਰਵਾ ਸਕੇ ਪਰ ਉਹ ਭਰੋਸਾ ਦਿੰਦੇ ਹਨ ਕਿ ਲੋਕਾਂ ਦੀ ਪਾਈ-ਪਾਈ ਵਾਪਸ ਕਰਨਗੇ। ਦੂਜੇ ਪਾਸੇ ਲੋਕਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਦਿੱਤੀਆਂ ਸ਼ਿਕਾਇਤਾਂ ‘ਤੇ ਪੁਲਸ ਵੀ ਕਾਰਵਾਈ ਕਰ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਆਮ ਲੋਕਾਂ ਦੇ ਵੱਲੋਂ ਡਾਕਘਰ ਦੀ ਏਜੰਟ ਖ਼ਿਲਾਫ਼ ਕਰੋੜਾਂ ਰੁਪਏ ਗਬਨ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਸਹੀ ਹਨ ਜਾਂ ਗ਼ਲਤ ਇਸ ਦੀ ਅਸੀਂ ਪੁਸ਼ਟੀ ਕਰਦੇ ਪਰ ਜਿਸ ਤਰ੍ਹਾਂ ਡਾਕਘਰ ਦੀ ਏਜੰਟ ਅਤੇ ਉਸ ਦੇ ਪਰਿਵਾਰ ਵੱਲੋਂ ਲੋਕਾਂ ਦੀ ਪਾਈ-ਪਾਈ ਮੋੜਨ ਦੀ ਗੱਲ ਕੈਮਰੇ ਅੱਗੇ ਕਹੀ ਜਾ ਰਹੀ ਹੈ, ਉਸ ਤੋਂ ਇਹ ਜ਼ਰੂਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਡਾਕਘਰ ਦੀ ਏਜੰਟ ਅਤੇ ਉਸ ਦਾ ਪਰਿਵਾਰ ਜਾਣੇ ਅਣਜਾਣੇ ਵਿਚ ਇਸ ਵਿਵਾਦ ਦਾ ਸ਼ਿਕਾਰ ਹੋਏ ਹਨ।

Leave a Reply

Your email address will not be published. Required fields are marked *